ਆਜ਼ਾਦੀ ਦਿਵਸ ਮੌਕੇ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਕਰਨ 'ਤੇ ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ
ਆਜ਼ਾਦੀ ਦਿਵਸ ਦੇ ਮੌਕੇ 'ਤੇ ਇਸ ਵਾਰ ਤੁਹਾਨੂੰ ਪਲਾਸਟਿਕ ਝੰਡੇ ਦੀ ਵਰਤੋਂ ਕਰਨੀ ਮਹਿੰਗੀ ਪੈ ਸਕਦੀ ਹੈ। ਗ੍ਰਹਿ ਮੰਤਰਾਲਾ ਵਲੋਂ ਸਾਰੇ ਰਾਜਾਂ ਅਤੇ ਕੇਂਦਰ ...
ਨਵੀਂ ਦਿੱਲੀ : ਆਜ਼ਾਦੀ ਦਿਵਸ ਦੇ ਮੌਕੇ 'ਤੇ ਇਸ ਵਾਰ ਤੁਹਾਨੂੰ ਪਲਾਸਟਿਕ ਝੰਡੇ ਦੀ ਵਰਤੋਂ ਕਰਨੀ ਮਹਿੰਗੀ ਪੈ ਸਕਦੀ ਹੈ। ਗ੍ਰਹਿ ਮੰਤਰਾਲਾ ਵਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਰਾਜਾਂ ਨੂੰ ਫਲੈਗ ਕੋਡ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ, ਜਿਸ ਵਿਚ ਸਾਫ਼ ਤੌਰ 'ਤੇ ਪਲਾਸਟਿਕ ਦੇ ਝੰਡੇ ਦੀ ਵਰਤੋਂ ਕਰਨ 'ਤੇ ਰੋਕ ਹੈ। ਅਜਿਹੇ ਵਿਚ ਜੇਕਰ ਕੋਈ ਵੀ ਪਲਾਸਟਿਕ ਦਾ ਝੰਡਾ ਵਰਤੋਂ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਵਿਚ ਜਾਣਾ ਪੈ ਸਕਦਾ ਹੈ।
ਗ੍ਰਹਿ ਮੰਤਰਾਲਾ ਨੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਇਸ ਆਜ਼ਾਦੀ ਦਿਵਸ ਦੇ ਮੌਕੇ 'ਤੇ ਪਲਾਸਟਿਕ ਦੇ ਝੰਡੇ ਦੀ ਵਰਤੋਂ ਨਾ ਕਰੇ। ਨਾਲ ਹੀ ਸਰਕਾਰ ਵਲੋਂ ਅਡਵਾਈਜ਼ਰੀ ਜਾਰੀ ਕਰਕੇ ਕਿਹਾ ਗਿਆ ਹੈ ਕਿ ਰਾਸ਼ਟਰੀ ਝੰਡਾ ਦੇਸ਼ ਵਾਸੀਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ, ਇਸ ਦਾ ਸਨਮਾਨ ਹੋਣਾ ਚਾਹੀਦਾ ਹੈ। ਗ੍ਰਹਿ ਮੰਤਰਾਲਾ ਵਲੋਂ ਜਾਰੀ ਅਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਕਈ ਮਹੱਤਵਪੂਰਨ ਮੌਕਿਆਂ 'ਤੇ ਕਾਗਜ਼ ਦੇ ਤਿਰੰਗੇ ਦੀ ਜਗ੍ਹਾ ਪਲਾਸਟਿਕ ਦੇ ਝੰਡੇ ਦੀ ਵਰਤੋਂ ਕੀਤੀ ਜਾ ਰਹੀ ਹੈ।
ਪਲਾਸਟਿਕ ਦੇ ਝੰਡੇ ਜੈਵਿਕ ਰੂਪ ਨਾਲ ਰਿਸਾਈਕਲ ਨਹੀਂ ਹੁੰਦੇ, ਇਸ ਕਰਕੇ ਕਾਫ਼ੀ ਲੰਮੇ ਸਮੇਂ ਤਕ ਇਨ੍ਹਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਜੋਕਿ ਨਾ ਸਿਰਫ਼ ਵਾਤਾਵਰਣ ਲਈ ਨੁਕਸਾਨਦਾਇਕ ਹਨ ਬਲਕਿ ਰਾਸ਼ਟਰੀ ਝੰਡਿਆਂ ਦਾ ਸਨਮਾਨਪੂਰਨ ਨਿਪਟਾਰਾ ਕਰਨ ਵਿਚ ਵੀ ਦਿੱਕਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਗੌਰਵ ਅਪਮਾਨ ਨਿਵਾਰਣ ਕਾਨੂੰਨ 1971 ਦੀ ਧਾਰਾ ਦੋ ਦੇ ਅਨੁਸਾਰ ਕੋਈ ਵੀ ਵਿਅਕਤੀ ਜਨਤਕ ਸਥਾਨ 'ਤੇ ਜਾਂ ਕਿਸੇ ਵੀ ਸਥਾਨ 'ਤੇ ਜਨਤਕ ਰੂਪ ਨਾਲ ਦੇਸ਼ ਦੇ ਝੰਡੇ ਦਾ ਅਪਮਾਨ ਕਰਦਾ ਹੈ, ਉਸ ਨੂੰ ਜਲਾਉਂਦਾ ਹੈ, ਜਾਂ ਕਿਸੇ ਵੀ ਤਰ੍ਹਾਂ ਦਾ ਨਿਰਾਦਰ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਜਾਂ ਫਿਰ ਉਸ ਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ, ਜਾਂ ਫਿਰ ਦੋਵੇਂ ਹੋ ਸਕਦਾ ਹੈ।
ਗ੍ਰਹਿ ਮੰਤਰਾਲਾ ਵਲੋਂ ਜੋ ਸਲਾਹ ਦਿਤੀ ਗਈ ਹੈ, ਉਸ ਦੇ ਅਨੁਸਾਰ ਮਹੱਤਵਪੂਰਨ ਰਾਸ਼ਟਰੀ, ਸਭਿਆਚਾਰਕ ਅਤੇ ਖੇਡਕੁੱਦ ਦੇ ਮੌਕੇ 'ਤੇ ਭਾਰਤੀ ਝੰਡਾ ਜ਼ਾਬਤਾ ਦੇ ਪ੍ਰਬੰਧ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਸਿਰਫ਼ ਕਾਗਜ਼ ਦੇ ਝੰਡੇ ਦੀ ਵਰਤੋਂ ਕੀਤੀ ਜਾਵੇ। ਨਾਲ ਹੀ ਪ੍ਰੋਗਰਾਮ ਤੋਂ ਬਾਅਦ ਉਸ ਨੂੰ ਮਰਿਆਦਾ ਦੇ ਨਾਲ ਨਿਪਟਾਰਾ ਕੀਤਾ ਜਾਵੇ। ਇਸ ਗੱਲ ਨੂੰ ਵੀ ਯਕੀਨੀ ਕੀਤਾ ਜਾਵੇ ਕਿ ਝੰਡੇ ਦਾ ਅਪਮਾਨ ਨਾ ਹੋਵੇ।