ਪਹਿਲੂ ਖ਼ਾਨ ਲਿੰਚਿੰਗ ਮਾਮਲੇ ‘ਚ ਅਲਵਰ ਕੋਰਟ ਨੇ ਸਾਰੇ ਅਰੋਪੀਆਂ ਨੂੰ ਕੀਤਾ ਬਰੀ
ਪਹਿਲੂ ਖ਼ਾਨ ਦੀ ਹੱਤਿਆ ਦੇ ਮਾਮਲੇ ਵਿਚ ਅਲਵਰ ਜ਼ਿਲ੍ਹਾ ਕੋਰਟ ਨੇ ਅਪਣਾ ਫ਼ੈਸਲਾ ਸੁਣਾ ਦਿੱਤਾ ਹੈ।
ਨਵੀਂ ਦਿੱਲੀ: ਪਹਿਲੂ ਖ਼ਾਨ ਦੀ ਹੱਤਿਆ ਦੇ ਮਾਮਲੇ ਵਿਚ ਅਲਵਰ ਜ਼ਿਲ੍ਹਾ ਕੋਰਟ ਨੇ ਅਪਣਾ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਮਾਮਲੇ ਦੇ ਸਾਰੇ ਅਰੋਪੀਆਂ ਨੂੰ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸਾਲ 2017 ਵਿਚ ਭੀੜ ਨੇ ਗਊ-ਤਸਕਰੀ ਦੇ ਸ਼ੱਕ ਵਿਚ ਪਹਿਲੂ ਖ਼ਾਨ ਦੀ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਕੋਰਟ ਨੇ ਅੱਜ ਇਸ ਮਾਮਲੇ ਵਿਚ ਸਾਰੇ ਅਰੋਪੀਆਂ ਨੂੰ ਬਰੀ ਕਰ ਦਿੱਤਾ ਹੈ।
ਇਕ ਅਪ੍ਰੈਲ 2017 ਨੂੰ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਨਿਵਾਸੀ ਪਹਿਲੂ ਖ਼ਾਨ ਜੈਪੁਰ ਤੋਂ ਦੋ ਗਾਵਾਂ ਖਰੀਦ ਕੇ ਅਪਣੇ ਘਰ ਲਿਜਾ ਰਹੇ ਸਨ। ਸ਼ਾਮ ਕਰੀਬ ਸੱਤ ਵਜੇ ਭੀੜ ਨੇ ਗੱਡੀ ਵਿਚ ਆ ਕੇ ਪਹਿਲੂ ਖ਼ਾਨ ਅਤੇ ਉਸ ਦੇ ਦੋ ਲੜਕਿਆਂ ਨਾਲ ਕੁੱਟ-ਮਾਰ ਕੀਤੀ ਸੀ। ਇਲਾਜ ਦੌਰਾਨ ਪਹਿਲੂ ਖ਼ਾਨ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਪਹਿਲੂ ਖ਼ਾਨ ਦੀ ਹੱਤਿਆ ਦੇ ਮਾਮਲੇ ਵਿਚ 8 ਅਰੋਪੀਆਂ ਨੂੰ ਫੜਿਆ ਗਿਆ ਸੀ, ਜਿਨ੍ਹਾਂ ਵਿਚ ਦੋ ਨਾਬਾਲਗ ਹਨ। ਅੱਜ ਅਲਵਰ ਕੋਰਟ ਨੇ ਇਹਨਾਂ ਸੱਤ ਅਰੋਪੀਆਂ ‘ਤੇ ਫ਼ੈਸਲਾ ਸੁਣਾਇਆ ਹੈ। ਨਾਬਾਲਗ ਅਰੋਪੀਆਂ ਦੀ ਸੁਣਵਾਈ ਜੁਵੇਨਾਇਲ ਕੋਰਟ ਵਿਚ ਹੋ ਰਹੀ ਹੈ।
ਦੱਸ ਦਈਏ ਕਿ ਪਹਿਲੂ ਖ਼ਾਨ ਮਾਬ ਲਿੰਚਿੰਗ ਮਾਮਲੇ ਵਿਚ ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਸਨ। ਇਕ ਐਫਆਈਆਰ ਪਹਿਲੂ ਖ਼ਾਨ ਦੀ ਹੱਤਿਆ ਦੇ ਮਾਮਲੇ ਵਿਚ 8 ਲੋਕਾਂ ਵਿਰੁੱਧ ਹੋਈ ਸੀ। ਦੂਜੇ ਮਾਮਲੇ ਵਿਚ ਪਹਿਲੂ ਖ਼ਾਨ ਅਤੇ ਉਸ ਦੇ ਦੋ ਲੜਕਿਆਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਪਹਿਲੂ ਖ਼ਾਨ ਦੀ ਮੌਤ ਹੋ ਚੁੱਕੀ ਹੈ ਅਜਿਹੇ ਵਿਚ ਉਹਨਾਂ ਵਿਰੁੱਧ ਕੇਸ ਬੰਦ ਹੋ ਜਾਵੇਗਾ ਪਰ ਉਹਨਾਂ ਦੇ ਲੜਕਿਆਂ ਵਿਰੁੱਧ ਕੇਸ ਜਾਰੀ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।