ਹਰਿਆਣਾ ਸ਼ਰਮਸਾਰ, ਰਾਸ਼ਟਰਪਤੀ ਐਵਾਰਡ ਪ੍ਰਾਪਤ ਵਿਦਿਆਰਥਣ ਨਾਲ ਗੈਂਗਰੇਪ
ਦੇਸ਼ ਵਿਚ ਬੱਚੀਆਂ ਨਾਲ ਬਲਾਤਕਾਰ ਹੋਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅਜਿਹੀ ਮੰਦਭਾਗੀ ਘਟਨਾ ਨਾਲ ਹਰਿਆਣਾ ਇਕ ਵਾਰ ਫਿਰ ਸ਼ਰਮਸਾਰ ਹੋਇਆ...
ਰੇਵਾੜੀ (ਹਰਿਆਣਾ) : ਦੇਸ਼ ਵਿਚ ਬੱਚੀਆਂ ਨਾਲ ਬਲਾਤਕਾਰ ਹੋਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅਜਿਹੀ ਮੰਦਭਾਗੀ ਘਟਨਾ ਨਾਲ ਹਰਿਆਣਾ ਇਕ ਵਾਰ ਫਿਰ ਸ਼ਰਮਸਾਰ ਹੋਇਆ ਹੈ। ਇੱਥੋਂ ਦੇ ਰੇਵਾੜੀ ਵਿਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥਣ ਨਾਲ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੰਦਭਾਗੀ ਘਟਨਾ ਉਦੋਂ ਵਾਪਰੀ ਜਦੋਂ ਲੜਕੀ ਕੋਚਿੰਗ ਕਲਾਸ ਲਗਾ ਕੇ ਘਰ ਪਰਤ ਰਹੀ ਸੀ। ਇਸੇ ਸਮੇਂ ਤਿੰਨ ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਕੇ ਇਸ ਘਟਨਾ ਨੂੰ ਅੰਜ਼ਾਮ ਦਿਤਾ ਗਿਆ।
ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੜਕੀ ਰੇਲਵੇ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਇਸ ਲਈ ਮਹੇਂਦਰਗੜ੍ਹ ਦੇ ਕਨੀਨਾ ਵਿਚ ਕੋਚਿੰਗ ਕਰ ਰਹੀ ਸੀ। ਕੋਚਿੰਗ ਤੋਂ ਵਾਪਸ ਆਉਂਦੇ ਸਮੇਂ ਤਿੰਨ ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ।
ਦਸ ਦਈਏ ਕਿ ਹਰਿਆਣਾ ਵਿਚ ਰੇਪ ਦੀਆਂ ਖ਼ਬਰਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਹਾਲੇ ਕੁੱਝ ਦਿਨ ਪਹਿਲਾਂ 13 ਸਤੰਬਰ ਨੂੰ ਵੀ ਗੁਰੂਗ੍ਰਾਮ ਵਿਚ ਇਕ ਮਹਿਲਾ ਨਾਲ ਕਾਰ ਵਿਚ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤਾ ਨੇ ਮਹਿਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਲੋਕਾਂ ਨੇ ਮਾਨੇਸਰ ਇਲਾਕੇ ਵਿਚ ਉਸ ਦੇ ਨਾਲ ਕਾਰ ਵਿਚ ਸਮੂਹਕ ਬਲਾਤਕਾਰ ਕੀਤਾ। ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੁਰਤ ਉਸ ਦਾ ਮੈਡੀਕਲ ਕਰਵਾਇਆ। ਫਿਰ ਗੈਂਗਰੇਪ ਦੀ ਧਾਰਾ ਵਿਚ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕਰ ਲਿਆ।
ਮਹਿਲਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਗੁਰੂਗ੍ਰਾਮ ਵਰਗੇ ਸ਼ਹਿਰ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਮਹਿਲਾ ਸੁਰੱਖਿਆ ਨੂੰ ਲੈ ਕੇ ਰਾਜ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਹੁਣ ਇਸ ਵਿਦਿਆਰਥਣ ਨਾਲ ਹੋਏ ਗੈਂਗਰੇਪ ਤੋਂ ਬਾਅਦ ਲੜਕੀਆਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਖੱਟੜ ਸਰਕਾਰ 'ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਦੀ ਸ਼ੁਰੂਆਤ ਹਰਿਆਣਾ ਤੋਂ ਕੀਤੀ ਸੀ। ਹੁਣ ਜਦੋਂ ਇਕ ਤੋਂ ਬਾਅਦ ਇਕ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਹਰਿਆਣਾ ਵਿਚ ਸਾਹਮਣੇ ਆ ਰਹੇ ਹਨ ਤਾਂ ਲੋਕਾਂ ਵਲੋਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਹਨ।