ਬਲਾਤਕਾਰ ਦੇ ਤਿੰਨੋਂ ਦੋਸ਼ੀ ਤਾਉਮਰ ਰਹਿਣਗੇ ਜੇਲ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੋਂ ਦੀ ਇਕ ਅਦਾਲਤ ਨੇ ਬਲਾਤਕਾਰ ਦੇ ਤਿੰਨ ਦੋਸ਼ੀਆਂ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ

All three accused of rape life time will stay in jail

ਚੰਡੀਗੜ੍ਹ : ਇਥੋਂ ਦੀ ਇਕ ਅਦਾਲਤ ਨੇ ਬਲਾਤਕਾਰ ਦੇ ਤਿੰਨ ਦੋਸ਼ੀਆਂ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਢਾਈ-ਢਾਈ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਯੂ.ਟੀ. ਦੀ ਵਧੀਕ ਸੈਸ਼ਨ ਜੱਜ ਪੂਨਮ ਜੋਸ਼ੀ ਨੇ 27 ਅਗੱਸਤ ਨੂੰ ਤਿੰਨ ਮੁਲਜ਼ਮਾਂ ਮੁਹੰਮਦ ਇਰਫ਼ਾਨ, ਮੁਹੰਮਦ ਗਰੀਬ ਅਤੇ ਕਿਸਮਤ ਨੂੰ ਦੋਸ਼ੀ ਕਰਾਰ ਦਿਤਾ ਸੀ। ਉਨ੍ਹਾਂ 'ਤੇ ਨਵੰਬਰ 2017 ਵਿਚ ਇਕ 22 ਸਾਲਾ ਲੜਕੀ ਦਾ ਬਲਾਤਕਾਰ ਕਰਨ ਦਾ ਦੋਸ਼ ਹੈ।  ਅਦਾਲਤ ਨੇ ਮੁਲਜ਼ਮਾਂ ਨੂੰ ਆਈ.ਪੀ.ਸੀ. ਦੀ ਧਾਰਾ 506 ਅਤੇ 376 ਡੀ (ਸਮੂਹਕ ਬਲਾਤਕਾਰ) ਤਹਿਤ ਦੋਸ਼ੀ ਠਹਿਰਾਇਆ ਸੀ।

ਬਲਾਤਕਾਰ ਦੀ ਪੁਸ਼ਟੀ ਮੁਲਜ਼ਮਾਂ ਦੀ ਡੀ.ਐਨ.ਏ. ਮਿਲਣ ਨਾਲ ਵੀ ਹੋ ਗਈ ਸੀ। ਦੁਸ਼ੀ ਮੁਹੰਮਦ ਇਰਫ਼ਾਨ ਦਸੰਬਰ 2016 'ਚ ਵੀ ਇਕ ਹੋਰ ਬਲਾਤਕਾਰ ਦੇ ਕੇਸ ਫਸਿਆ ਦਸਿਆ ਜਾ ਰਿਹਾ ਹੈ। ਪੀੜਤਾ ਲੜਕੀ ਦਾ ਪਿਛੋਕੜ ਦੇਹਰਾਦੂਲ ਤੋਂ ਹੈ ਅਤੇ ਉਹ ਮੁਹਾਲੀ ਵਿਚ ਕਿਰਾਏ 'ਤੇ ਰਹਿ ਰਹੀ ਸੀ। ਜਿਸ ਰਾਤ ਉਸ ਨਾਲ ਗ਼ਲਤ ਕੰਮ ਹੋਇਆ ਸੀ, ਉਸ ਸ਼ਾਮ ਉਹ ਸੈਕਟਰ-37 ਵਿਚ ਟਾਈਪ ਸਿੱਖ ਕੇ ਆ ਰਹੀ ਸੀ। ਜਿਸ ਰਿਕਸ਼ੇ ਵਿਚ ਉਹ ਸਵਾਰ ਹੋਈ, ਉਸ ਵਿਚ ਡਰਾਈਵਰ ਤੋਂ ਇਲਾਵਾ ਪਹਿਲਾਂ ਹੀ ਦੋ ਹੋਰ ਜਣੇ ਬੈਠੇ ਸਨ। ਰਿਕਸ਼ਾ ਚਾਲਕ ਨੇ ਲੜਕੀ ਦੇ ਬੈਠਣ ਤੋਂ ਬਾਅਦ ਸਟੇਰਿੰਗ ਸੈਕਟਰ-53 ਦੇ ਜੰਗਲਾਂ ਵਲ ਨੂੰ ਮੋੜ ਲਿਆ ਸੀ।

ਉਸ ਨੇ ਸੈਕਟਰ-42 ਦੇ ਪੰਪ ਤੋਂ ਡੀਜ਼ਲ ਪੁਆਇਆ ਅਤੇ ਉਥੇ ਉਹ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ ਸੀ, ਜਿਹੜਾ ਉਸ ਦੇ ਗ੍ਰਿਫ਼ਤਾਰ ਹੋਣਦੀ ਵਜ੍ਹਾ ਬਣ ਗਿਆ ਸੀ। ਪੁਲਿਸ ਨੇ 29  ਸਾਲਾ ਇਰਫ਼ਾਨ ਨੂੰ ਸੱਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਅਗਲੇ ਹੀ ਦਿਨ ਦੂਜੇ ਦੋ ਮੁਲਜ਼ਮ ਵੀ ਪੁਲਿਸ ਦੇ ਹੱਥ ਲੱਗ ਗਏ ਸਨ। ਪੁਲਿਸ ਨੇ ਘਟਨਾ ਦੇ ਦੂਜੇ ਦਿਨ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਰੱਖ ਦਿਤਾ ਸੀ।

ਪੁਲਿਸ ਮੁਤਾਬਕ ਤਿੰਨੋਂ ਰਿਕਸ਼ਾ ਸਵਾਰ ਸ਼ਰਾਬੀ ਸਨ ਅਤੇ ਉਨ੍ਹਾਂ ਪਹਿਲਾਂ ਹੀ ਮਹਿਲਾ ਮੁਸਾਫ਼ਰ ਮਿਲਣ 'ਤੇ ਗ਼ਲਤ ਕੰਮ ਕਰਨ ਦੀ ਯੋਜਨਾ ਬਣਾਈ ਹੋਈ ਸੀ। ਬਲਾਤਕਾਰ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਰੋਂਦਿਆਂ ਹੀ ਸੜਕ 'ਤੇ ਸੁੱਟ ਕੇ ਚਲੇ ਗਏ ਸਨ। ਉਥੋਂ ਲੰਘ ਰਹੇ ਰਾਹਗੀਰ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ ਸੀ। ਦੱਸਣਯੋਗ ਹੈ ਕਿ ਪੀੜਤ ਲੜਕੀ ਨੇ ਵਾਰਦਾਤ ਬਾਰੇ ਅਪਣੇ ਮਾਪਿਆਂ ਨੂੰ ਨਹੀਂ ਦਸਿਆ ਅਤੇ ਉਹ ਅਪਣੇ ਦਮ 'ਤੇ ਕੇਸ ਲੜ ਕੇ ਜਿੱਤੀ ਹੈ।