ਖੱਟਰ ਨੇ ਸੋਨੀਆ ਗਾਂਧੀ ਨੂੰ ਕਿਹਾ 'ਮਰੀ ਹੋਈ ਚੂਹੀ' 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸੀ ਆਗੂ ਨੇ ਖੱਟਰ ਨੂੰ ਕਿਹਾ - ‘ਖੱਚਰ’ 

Manohar Lal Khattar-Sonia Gandhi

ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ 2019 ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਅਜਿਹੀ ਟਿੱਪਣੀ ਕੀਤੀ ਹੈ, ਜਿਸ 'ਤੇ ਵਿਵਾਦ ਹੋ ਸਕਦਾ ਹੈ। ਦੱਸ ਦਈਏ ਕਿ ਐਤਵਾਰ ਨੂੰ ਇਕ ਚੋਣ ਰੈਲੀ ਦੌਰਾਨ ਮਨੋਹਰ ਲਾਲ ਖੱਟਰ ਨੇ ਸੋਨੀਆ ਗਾਂਧੀ ਨੂੰ ਮਰੀ ਹੋਈ ਚੂਹੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਵੀ ਖੱਟਰ 'ਤੇ ਪਲਟਵਾਰ ਕੀਤਾ। ਪਾਰਟੀ ਨੇ ਸੀਐਮ ਤੋਂ ਮਾਫੀ ਮੰਗਣ ਲਈ ਕਿਹਾ। ਉਥੇ ਹੀ ਕਾਂਗਰਸੀ ਆਗੂ ਨੇ ਖੱਟਰ ਨੂੰ 'ਖੱਚਰ' ਕਹਿ ਦਿੱਤਾ। 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ‘‘ਲੋਕ ਸਭਾ ਚੋਣਾਂ 2019 'ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਉਹ ਕਹਿਣ ਲੱਗੇ ਕਿ ਪਾਰਟੀ ਦਾ ਨਵਾਂ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਹੋਣਾ ਚਾਹੀਦਾ ਹੈ। ਸਾਨੂੰ ਲਗਾ ਇਹ ਕਾਫ਼ੀ ਚੰਗਾ ਕਦਮ ਹੈ ਅਤੇ ਪਰਿਵਾਰਵਾਦ ਨੂੰ ਖਤਮ ਕਰਨ ਦੀ ਪਹਿਲ ਹੈ। ਉਨ੍ਹਾਂ ਨੇ ਪੂਰੇ ਦੇਸ਼ 'ਚ ਕਰੀਬ 3 ਮਹੀਨੇ ਤੱਕ ਨਵੇਂ ਪ੍ਰਧਾਨ ਦੀ ਤਲਾਸ਼ ਕੀਤੀ। 3 ਮਹੀਨੇ ਬਾਅਦ ਪ੍ਰਧਾਨ ਕੌਣ ਬਣਿਆ ? ਸੋਨੀਆ ਗਾਂਧੀ। ਖੋਦਾ ਪਹਾੜ ਨਿਕਲੀ ਚੂਹਿਆ, ਉਹ ਵੀ ਮਰੀ ਹੋਈ। ਇਹ ਉਨ੍ਹਾਂ ਦੀ ਹਾਲਤ ਹੈ। ’’

ਕਾਂਗਰਸ ਨੇ ਕਿਹਾ ਮਾਫੀ ਮੰਗੋ :
ਖੱਟਰ ਦੇ ਵਿਵਾਦਿਤ ਬਿਆਨ 'ਤੇ ਕਾਂਗਰਸ ਨੇ ਨਾਰਾਜ਼ਗੀ ਜਾਹਰ ਕੀਤੀ ਹੈ। ਪਾਰਟੀ ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ ਤੋਂ ਲਿਖਿਆ, ‘‘ਬੀਜੇਪੀ ਦੇ ਮੁੱਖ ਮੰਤਰੀ ਦਾ ਇਹ ਕੁਮੈਂਟ ਸੱਤਾਧਾਰੀ ਪਾਰਟੀ ਦੀ ਮਹਿਲਾ ਵਿਰੋਧੀ ਅਕਸ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਦਾ ਬਿਆਨ ਨਿੰਦਣਯੋਗ ਹੈ। ਅਸੀ ਮੰਗ ਕਰਦੇ ਹਾਂ ਕਿ ਉਹ ਸੋਨੀਆ ਗਾਂਧੀ ਤੋਂ ਤੁਰੰਤ ਮਾਫੀ ਮੰਗਣ। ’’

ਕਾਂਗਰਸੀ ਆਗੂ ਨੇ ਕਿਹਾ ‘ਖੱਚਰ’ :
ਸੀਐਮ ਮਨੋਹਰ ਲਾਲ ਦੇ ਬਿਆਨ 'ਤੇ ਕਾਂਗਰਸ ਨੇਤਾਵਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵਿਚ ਮਹਾਰਾਸ਼ਟਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਤੀਨ ਰਾਉਤ ਨੇ ਮਨੋਹਰ ਲਾਲ ਦੀ ਟਿੱਪਣੀ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਸੀਐਮ ਖੱਟਰ ਨਹੀਂ ‘ਖੱਚਰ’ ਹਨ। 

ਪਹਿਲਾਂ ਵੀ ਵਿਵਾਦਿਤ ਟਿੱਪਣੀ ਕਰ ਚੁੱਕੇ ਹਨ ਖੱਟਰ :
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸੀਐਮ ਖੱਟਰ ਨੇ ਵਿਵਾਦਿਤ ਟਿੱਪਣੀ ਕੀਤੀ ਹੋਵੇ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਰਟੀਕਲ 370 ਹਟਾਉਣ ਤੋਂ ਬਾਅਦ ਕਸ਼ਮੀਰੀ ਔਰਤਾਂ ਨੂੰ ਲੈ ਕੇ ਵੀ ਵਿਵਾਦਿਤ ਟਿੱਪਣੀ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ, ‘‘ਹੁਣ ਕੁਝ ਲੋਕ ਕਹਿ ਰਹੇ ਹਨ ਕਿ ਕਸ਼ਮੀਰ ਹੁਣ ਆਜ਼ਾਦ ਹੋ ਗਿਆ ਹੈ। ਉਹ ਉੱਥੇ ਤੋਂ ਆਪਣੇ ਲਈ ਲਾੜੀ ਲੈ ਕੇ ਆਉਣਗੇ।"