ਸਿਹਤ ਵਿਭਾਗ: ਸਾਰੇ ਜ਼ਿਲ੍ਹਿਆਂ ਵਿਚ ਕੋਵਿਡ ਹਸਪਤਾਲ ਬਣਾਉਣ ਦੇ ਹੁਕਮ ਜਾਰੀ
ਇਸ ਲਈ ਜ਼ਰੂਰੀ ਹੈ ਕਿ ਕੰਟੇਨਮੈਂਟ ਪਲਾਨ ਪੂਰੇ ਦੇਸ਼ ਵਿਚ ਹਰ ਜ਼ਿਲ੍ਹੇ ਵਿਚ ਬਰਾਬਰ...
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਦੇ ਦੂਜੇ ਪੜਾਅ ਲਈ ਬੁੱਧਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪ੍ਰੈਸ ਕਾਨਫਰੰਸ ਵਿਚ ਦਸਿਆ ਕਿ ਹਰ ਕੇਸ ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਰਾਜਾਂ ਨੂੰ ਕ੍ਰਾਇਸਿਸ ਮੈਨੇਜਮੈਂਟ ਪਲਾਨ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਰਾਜਾਂ ਨੂੰ ਅਲੱਗ ਤੋਂ ਕੋਵਿਡ-19 ਹਸਪਤਾਲ ਬਣਾਉਣ ਲਈ ਵੀ ਕਿਹਾ ਗਿਆ ਹੈ।
ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਹਾਟਸਪਾਟ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਸਾਹ ਦੀ ਬਿਮਾਰੀ ਵਾਲੇ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਕੰਟੇਨਮੈਂਟ ਜੋਨ ਲਈ ਸਪੈਸ਼ਲ ਟੀਮ ਬਣਾਈ ਗਈ ਹੈ। ਸਾਰੇ ਜ਼ਿਲ੍ਹਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਕੋਰੋਨਾ ਵਾਇਰਸ ਲਈ ਇਕ ਸਹੀ ਪਲਾਨ ਬਣਾਉਣ ਕਿਉਂ ਕਿ ਇਕ ਗਲਤੀ ਪੂਰੇ ਦੇਸ਼ ਦੀ ਅਸਫਲਤਾ ਦਾ ਕਾਰਨ ਬਣ ਸਕਦੀ ਹੈ।
ਇਸ ਲਈ ਜ਼ਰੂਰੀ ਹੈ ਕਿ ਕੰਟੇਨਮੈਂਟ ਪਲਾਨ ਪੂਰੇ ਦੇਸ਼ ਵਿਚ ਹਰ ਜ਼ਿਲ੍ਹੇ ਵਿਚ ਬਰਾਬਰ ਲਾਗੂ ਕੀਤੇ ਜਾਣ। ਸਿਹਤ ਵਿਭਾਗ ਨੇ ਕਿਹਾ ਸਾਰੇ ਜ਼ਿਲ੍ਹਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਹਰੇਕ ਜ਼ਿਲ੍ਹੇ ਵਿਚ ਕੋਵਿਡ ਡੇਡਿਕੇਟਿਡ ਹਸਪਤਾਲ, ਮਾਈਲਡ ਕੇਸ ਲਈ ਕੋਵਿਡ ਕੇਅਰ ਸੈਂਟਰ ਅਤੇ ਗੰਭੀਰ ਮਾਮਲਿਆਂ ਲਈ ਕੋਵਿਡ ਹੈਲਥ ਸੈਂਟਰ, ਹਲਕੇ ਮਾਮਲਿਆਂ ਲਈ ਕੋਵਿਡ ਹਸਪਤਾਲ ਬਣਵਾਏ ਜਾਣ।
ਅਗਰਵਾਲ ਨੇ ਦਸਿਆ ਕਿ ਦੇਸ਼ ਦੇ ਜ਼ਿਲ੍ਹਿਆਂ ਨੂੰ ਹਾਟਸਪਾਟ ਜ਼ਿਲ੍ਹੇ, ਨਾਨ ਹਾਟਸਪਾਟ ਜ਼ਿਲ੍ਹੇ ਅਤੇ ਗ੍ਰੀਨ ਜੋਨ ਜ਼ਿਲ੍ਹਿਆਂ ਵਿਚ ਵੰਡਿਆ ਗਿਆ ਹੈ। ਹਾਟਸਪਾਟ ਜ਼ਿਲ੍ਹੇ ਉਹ ਹਨ ਜਿੱਥੇ ਜ਼ਿਆਦਾ ਮਾਮਲੇ ਸਾਮਹਣੇ ਆ ਰਹੇ ਹਨ ਜਾਂ ਮਾਮਲਿਆਂ ਦੀ ਰਫ਼ਤਾਰ ਤੇਜ਼ ਹੈ। ਸਿਹਤ ਵਿਭਾਗ ਨੇ ਦੇਸ਼ ਵਿਚ 70 ਜ਼ਿਲ੍ਹੇ ਹਾਟਸਪਾਟ ਅਤੇ 207 ਨਾਨ ਹਾਟਸਪਾਟ ਐਲਾਨੇ ਹਨ।
ਇਸ ਪ੍ਰੈਸ ਕਾਨਫਰੰਸ ਵਿਚ ਗ੍ਰਹਿ ਵਿਭਾਗ ਵੱਲੋਂ ਦਸਿਆ ਗਿਆ ਕਿ ਸਰਕਾਰ ਨੇ ਦਸਿਆ ਕਿ ਮਨਰੇਗਾ ਤਹਿਤ ਕੰਮ ਸ਼ੁਰੂ ਕੀਤਾ ਜਾਵੇਗਾ, ਖੇਤੀ ਨਾਲ ਜੁੜੇ ਸਾਰੇ ਕੰਮ ਕੀਤੇ ਜਾਣਗੇ। ਇਸ ਦੇ ਨਾਲ ਹੀ ਖੇਤੀ, ਪਸ਼ੂ ਪਾਲਣ ਨੂੰ ਵੀ ਛੋਟ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਸਾਰੇ ਕੰਮਾਂ ਨੂੰ ਕਰਦੇ ਸਮੇਂ ਸੋਸ਼ਲ ਡਿਸਟੈਸਟਿੰਗ ਦਾ ਪਾਲਣ ਕਰਨਾ ਜ਼ਰੂਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।