ਪੂਰਬ-ਉੱਤਰ ਕੇਰਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 10 ਮੌਤਾਂ, ਕੇਂਦਰ ਤੋਂ ਮੰਗੀ ਮਦਦ
ਗਰਤਲਾ-ਤਿਰੂਅਨੰਤਪੁਰਮ : ਪੂਰਬ ਉਤਰ ਰਾਜ ਤ੍ਰਿਪੁਰਾ ਅਤੇ ਮਨੀਪੁਰ ਵਿਚ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ ਹੈ। ਹੜ੍ਹ ਨਾਲ ਹੁਣ ਤਕ ਤ੍ਰਿਪੁਰਾ ਵਿਚ ਚਾਰ ਅਤੇ ਮਨੀਪੁਰ ਵਿਚ...
ਗਰਤਲਾ-ਤਿਰੂਅਨੰਤਪੁਰਮ : ਪੂਰਬ ਉਤਰ ਰਾਜ ਤ੍ਰਿਪੁਰਾ ਅਤੇ ਮਨੀਪੁਰ ਵਿਚ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ ਹੈ। ਹੜ੍ਹ ਨਾਲ ਹੁਣ ਤਕ ਤ੍ਰਿਪੁਰਾ ਵਿਚ ਚਾਰ ਅਤੇ ਮਨੀਪੁਰ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਨੀਪੁਰ ਦੀ ਇੰਫਾਲ ਘਾਟੀ ਵਿਚ ਸਾਰੇ ਸਕੂਲਾਂ ਅਤੇ ਸਰਕਾਰੀ ਦਫ਼ਤਰਾ ਨੂੰ ਸ਼ੁੱਕਰਵਾਰ ਤਕ ਬੰਦ ਕਰ ਦਿਤਾ ਅਗਿਆ ਹੈ। ਹੜ੍ਹ ਨਾਲ ਪ੍ਰਭਾਵਤ ਛੇ ਹਜ਼ਾਰ ਪਰਵਾਰਾਂ ਨੇ 200 ਕੈਂਪਾਂ ਵਿਚ ਸ਼ਰਨ ਲਈ ਹੈ। ਇਸ ਦੌਰਾਨ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਰਾਜ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਫ਼ੋਨ 'ਤੇ ਗੱਲ ਕਰ ਕੇ ਉਨ੍ਹਾਂ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਫ਼ੌਜ ਵਲੋਂ ਸਹਾਇਤਾ ਦੀ ਅਪੀਲ ਕੀਤੀ। ਉਨ੍ਹਾਂ ਨੇ ਰਾਜਨਾਥ ਸਿੰਘ ਨੂੰ ਐਨਡੀਆਰਐਫ ਦੀ ਟੀਮ ਵੀ ਅਗਰਤਲਾ ਭੇਜਣ ਦੀ ਬੇਨਤੀ ਕੀਤੀ ਹੈ। ਅਸਾਮ ਵਿਚ ਬੀਤੇ ਕੁੱਝ ਦਿਨਾਂ ਤੋਂ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਕਾਰਨ ਲਾਮਡਿੰਗ-ਬਦਰਪੁਰ ਪਰਬਤੀ ਖੇਤਰ ਵਿਚ ਟ੍ਰੇਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਪਰਬਤੀ ਖੇਤਰ ਵਿਚ ਘੱਟ ਤੋਂ ਘੱਟ ਪੰਜ ਜਗ੍ਹਾ ਜ਼ਮੀਨ ਧੱਸਣ ਦੀ ਵਜ੍ਹਾ ਨਾਲ ਚਾਰ ਰੇਲਾਂ ਨੂੰ ਰੱਦ ਕਰ ਦਿਤਾ ਗਿਆ ਹੈ। ਲਗਾਤਾਰ ਭਾਰੀ ਬਾਰਿਸ਼ ਨਾਲ ਰਾਜ ਦੇ ਛੇ ਜ਼ਿਲ੍ਹਿਆਂ ਵਿਚ 222 ਪਿੰਡ ਹੜ੍ਹ ਦੀ ਲਪੇਟ ਵਿਚ ਹਨ।
ਇਸ ਨਾਲ ਲਗਭਗ ਡੇਢ ਲੱਖ ਲੋਕ ਪ੍ਰਭਾਵਤ ਹਨ। ਉਨ੍ਹਾਂ ਇਲਾਕਿਆਂ ਵਿਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਕੋਝੀਕੋਡ ਜ਼ਿਲ੍ਹੇ ਦੇ ਇਕ ਦੂਰ ਦੂਰਾਡੇ ਪਿੰਡ ਵਿਚ ਭਾਰੀ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਨਾਲ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 10 ਲੋਕ ਲਾਪਤਾ ਹੋ ਗਏ। ਰਾਜ ਵਿਚ ਮਈ ਦੇ ਅੰਤ ਵਿਚ ਦੱਖਣ ਪੱਛਮ ਮਾਨਸੂਨ ਦੇ ਆਉਦ ਤੋਂ ਬਾਅਦ ਹੁਣ ਤਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਸ ਦਈਏ ਕਿ ਭਾਰੀ ਬਾਰਿਸ਼ ਦੇ ਚਲਦਿਆਂ ਸਰਕਾਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਥਾਵਾਂ ਤੋਂ ਦੂਰ ਰਹਿਣ ਜਿੱਥੇ ਜ਼ਮੀਨ ਖਿਸਕਣ ਤੋਂ ਇਲਾਵਾ ਹੋਰ ਖ਼ਤਰੇ ਹਨ। ਅਸਾਮ ਵਿਚ ਕੁੱਝ ਸਾਲ ਪਹਿਲਾਂ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਭਾਰੀ ਬਾਰਿਸ਼ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਹੈ ਅਤੇ ਸੁਰੱਖਿਆ ਥਾਵਾਂ ਦੀ ਭਾਲ ਕਰ ਰਹੇ ਹਨ। ਸਰਕਾਰ ਵਲੋਂ ਬਣਾਈਆਂ ਕੁੱਝ ਟੀਮਾਂ ਵੀ ਲੋਕਾਂ ਦੀ ਮਦਦ ਵਿਚ ਲੱਗੀਆਂ ਹੋਈਆਂ ਹਨ।