ਸ੍ਰੀਨਗਰ 'ਚ 'ਰਾਈਜਿੰਗ ਕਸ਼ਮੀਰ' ਦੇ ਸੰਪਾਦਕ ਸ਼ੁਜਾਤ ਬੁ਼ਖਾਰੀ ਦੀ ਗੋਲੀ ਮਾਰ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਚ ਸੀਨੀਅਰ ਪੱਤਰਕਾਰ ਅਤੇ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਅਤੇ ਉਨ੍ਹਾਂ ਦੇ ਪੀਐਸਓ ਦੀ ਗੋਲੀ ਮਾਰ ਕੇ ਹੱਤਿਆ...

Shujaat bukhari

ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਚ ਸੀਨੀਅਰ ਪੱਤਰਕਾਰ ਅਤੇ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਅਤੇ ਉਨ੍ਹਾਂ ਦੇ ਪੀਐਸਓ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਅਣਪਛਾਤੇ ਹਮਲਾਵਰਾਂ ਨੇ ਸ਼ੁਜਾਤ ਬੁਖ਼ਾਰੀ ਦੇ ਦਫ਼ਤਰ ਅੱਗੇ ਉਨ੍ਹਾਂ 'ਤੇ ਹਮਲਾ ਕੀਤਾ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਅਪਣੇ ਦਫ਼ਤਰ ਤੋਂ ਇਫ਼ਤਾਰ ਪਾਰਟੀ ਲਈ ਨਿਕਲ ਰਹੇ ਸਨ। ਹਮਲੇ ਵਿਚ ਜ਼ਖ਼ਮੀ ਇਕ ਹੋਰ ਪੁਲਿਸ ਮੁਲਾਜ਼ਮ ਦੀ ਬਾਅਦ ਵਿ‍ਚ ਹਸਪਤਾਲ ਵਿਚ ਮੌਤ ਹੋ ਗਈ।ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੁਖ਼ਾਰੀ ਸ਼ਹਿਰ ਦੇ ਲਾਲ ਚੌਂਕ ਵਿਚ ਪ੍ਰੈੱਸ ਇਨਕਲੇਵ ਸਥਿਤ ਅਪਣੇ ਦਫ਼ਤਰ ਤੋਂ ਇਫ਼ਤਾਰ ਪਾਰਟੀ ਦੇ ਲਈ ਨਿਕਲ ਰਹੇ ਸਨ।

ਇਸੇ ਦੌਰਾਨ ਉਨ੍ਹਾਂ 'ਤੇ ਕਾਫ਼ੀ ਨੇੜੇ ਤੋਂ ਗੋਲੀਆਂ ਚਲਾ ਦਿਤੀਆਂ ਗਈਆਂ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਮਲੇ ਵਿਚ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ। ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਹ ਬੁਖ਼ਾਰੀ ਦੇ ਅਚਾਨਕ ਦੇਹਾਂਤ ਦੀ ਖ਼ਬਰ ਸੁਣ ਕੇ ਹੈਰਾਨ ਅਤੇ ਦੁਖੀ ਹਨ। ਉਨ੍ਹਾਂ ਟਵੀਟ ਕੀਤਾ ਕਿ ''ਅਤਿਵਾਦ ਦੀ ਬੁਰਾਈ ਨੇ ਈਦ ਦੀ ਪਹਿਲੀ ਸ਼ਾਮ 'ਤੇ ਅਪਣਾ ਘਿਨੌਣਾ ਚਿਹਰਾ ਦਿਖਾਇਆ ਹੈ,

ਮੈਂ ਇਸ ਹਿੰਸਕ ਕਾਰੇ ਦੀ ਸਖ਼ਤ ਨਿੰਦਾ ਕਰਦੀ ਹਾਂ ਅਤੇ ਖ਼ੁਦਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਦੇ ਪਰਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ।'' ਮਹਿਬੂਬਾ ਨੇ ਕਿਹਾ ਕਿ ਬੁਖ਼ਾਰੀ ਦੀ ਹੱਤਿਆ ਨਾਲ ਅਤਿਵਾਦ ਦਾ ਚਿਹਰਾ ਸਾਹਮਣੇ ਆਇਆ ਹੈ, ਉਹ ਵੀ ਈਦ ਦੀ ਪੂਰਬਲੀ ਸ਼ਾਮ ''ਤੇ। ਸ਼ਾਂਤੀ ਬਹਾਲ ਕਰਨ ਦੇ ਯਤਨਾਂ ਦੇ ਵਿਰੁਧ ਖੜ੍ਹੀਆਂ ਸ਼ਕਤੀਆਂ ਦੇ ਵਿਰੁਧ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਕਾਫ਼ੀ ਲੰਮੇ ਸਮੇਂ ਬਾਅਦ ਪਹਿਲੀ ਵਾਰ ਕਿਸੇ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ੁਜਾਤ ਬੁਖ਼ਾਰੀ ਨੂੰ 2000 ਵਿਚ ਉਨ੍ਹਾਂ 'ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।

ਸ਼ੁਜਾਤ ਬੁ਼ਖਾਰੀ 'ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੁੱਝ ਘੰਟੇ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 28 ਜੂਨ ਤੋਂ ਜੰਮੂ ਕਸ਼ਮੀਰ ਵਿਚ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਮੀਟਿੰਗ ਕੀਤੀ ਸੀ। ਅਧਿਕਾਰੀਆਂ ਨੇ ਦਸਿਆ ਕਿ ਹਮਲੇ ਵਿਚ ਜ਼ਖ਼ਮੀ ਦੋਵੇਂ ਲੋਕਾਂ ਦੀ ਹਾਲਤ ਗੰਭੀਰ ਹੈ। ਤੁਰੰਤ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰਾਂ ਦੀ ਗਿਣਤੀ ਕਿੰਨੀ ਸੀ। ਬੁਖ਼ਾਰੀ ਨੇ ਪਹਿਲਾਂ 'ਦਿ ਹਿੰਦੂ' ਦੇ ਕਸ਼ਮੀਰ ਪੱਤਰਕਾਰ ਦੇ ਰੂਪ ਵਿਚ ਵੀ ਕੰਮ ਕੀਤਾ ਸੀ।

ਉਨ੍ਹਾਂ ਨੇ ਕਸ਼ਮੀਰ ਘਾਟੀ ਵਿਚ ਕਈ ਸ਼ਾਂਤੀ ਸੰਮੇਲਨਾਂ ਦੇ ਆਯੋਜਨਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਪਾਕਿਸਤਾਨ ਦੇ ਨਾਲ ਟ੍ਰੈਕ'-2 ਪ੍ਰਕਿਰਿਆ ਦਾ ਵੀ ਹਿੱਸਾ ਸਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁਜਾਤ ਬੁਖ਼ਾਰੀ ਦੀ ਹੱਤਿਆ ਨੂੰ ਕਾਇਰਾਨਾ ਹਰਕਤ ਦਸਿਆ ਹੈ। ਉਨ੍ਹਾਂ ਕਿਹਾ ਕਿ ਸ਼ੁਜਾਤ ਇਕ ਧੜੱਲੇਦਾਰ ਪੱਤਰਕਾਰ ਸਨ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਬੁਖ਼ਾਰੀ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ।