ਦਿੱਲੀ 'ਚ ਹਥਿਆਰਾਂ ਦਾ ਆਸਾਨੀ ਨਾਲ ਮਿਲਣਾ ਚਿੰਤਾ ਦਾ ਵਿਸ਼ਾ : ਪੁਲਿਸ ਕਮਿਸ਼ਨਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ 2016 ਵਿਚ 947 ਹਥਿਆਰ ਜ਼ਬਤ ਕੀਤੇ ਜਿਸ ਦੀ ਗਿਣਤੀ 2017 ਵਿਚ 48.89 ਫ਼ੀ ਸਦੀ ਵਧ ਕੇ 1,410 ਹੋ ਗਈ। ਉਧਰ, 2018 ਵਿਚ 1,950 ਹਥਿਆਰ ਜ਼ਬਤ ਕੀਤੇ ਗਏ।

Easy availability of firearms to criminals a cause of worry : Amulya Kumar Patnaik

ਨਵੀਂ ਦਿੱਲੀ :  ਦਿੱਲੀ ਵਿਚ ਗੋਲੀਬਾਰੀ ਦੀ ਹਾਲੀਆ ਘਟਨਾਵਾਂ 'ਤੇ ਚਿੰਤਾ ਦੌਰਾਨ ਦਿੱਲੀ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ ਨੇ ਕਿਹਾ ਹੈ ਕਿ ਹਥਿਆਰਾਂ ਦੀਆਂ ਗ਼ੈਰ-ਕਾਨੂੰਨੀ ਫ਼ੈਕਟਰੀਆਂ ਸ਼ਹਿਰ ਦੇ ਨਜ਼ਦੀਕ ਆ ਗਈਆਂ ਹਨ ਜਿਸ ਨਾਲ ਅਪਰਾਧੀਆਂ ਲਈ ਹਥਿਆਰ ਖ਼ਰੀਦਨਾ ਸੌਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵਲੋਂ ਜ਼ਬਤ ਕੀਤੇ ਗਏ ਹਥਿਆਰਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿਚ ਦੁੱਗਣੀ ਹੋ ਗਈ ਹੈ। ਪਟਨਾਇਕ ਨੇ ਕਿਹਾ ਕਿ ਪੁਲਿਸ ਨੇ 2016 ਵਿਚ 947 ਹਥਿਆਰ ਜ਼ਬਤ ਕੀਤੇ ਜਿਸ ਦੀ ਗਿਣਤੀ 2017 ਵਿਚ 48.89 ਫ਼ੀ ਸਦੀ ਵਧ ਕੇ 1,410 ਹੋ ਗਈ। ਉਧਰ, 2018 ਵਿਚ 1,950 ਹਥਿਆਰ ਜ਼ਬਤ ਕੀਤੇ ਗਏ।

ਪੁਲਿਸ ਨੇ ਇਸ ਸਾਲ 31 ਮਈ ਤਕ 1,169 ਹਥਿਆਰ ਜ਼ਬਤ ਕੀਤੇ ਹਨ ਜਦਕਿ 2018 ਅਤੇ 2017 ਦੌਰਾਨ ਜ਼ਬਤ ਕੀਤੇ ਹਥਿਆਰਾਂ ਦੀ ਗਿਣਤੀ ਕ੍ਰਮਵਾਰ 842 ਅਤੇ 517 ਸੀ। ਦਿੱਲੀ ਦੇ ਉਚ ਪੁਲਿਸ ਅਧਿਕਾਰੀ ਨੇ ਕਿਹਾ, ''ਦਿੱਲੀ ਵਿਚ ਬਾਹਰ ਤੋਂ ਹਥਿਆਰ ਲਿਆਏ ਜਾ ਰਹੇ ਹਨ ਅਤੇ ਇਹ ਗ਼ਲਤ ਹੱਥਾਂ ਵਿਚ ਜਾ ਰਹੇ ਹਨ। ਅਪਰਾਧੀਆਂ ਲਈ ਗੁਆਂਢੀ ਸੂਬਿਆਂ ਵਿਚ ਜਾ ਕੇ ਹਥਿਆਰਾਂ ਤਕ ਪਹੁੰਚ ਸੌਖਾਲੀ ਹੋ ਗਈ ਹੈ। ਇਸ ਲਈ ਇਹ ਚਿੰਤਾ ਦਾ ਵਿਸ਼ਾ ਹੈ।''

ਇਸ ਸਾਲ ਦਵਾਰਕਾ ਮੋੜ 'ਤੇ ਗੋਲੀਬਾਰੀ ਵਰਗੀਆਂ ਕੁਝ ਘਟਨਾਵਾਂ ਨੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿਤਾ। ਦਵਾਰਕਾ ਮੋੜ 'ਤੇ ਹਥਿਆਰ ਲੈ ਕੇ ਕੁਝ ਨੌਜੁਆਨਾਂ ਨੇ ਸੜਕ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਸ਼ਹਿਰ ਵਿਚ ਵੀਰਵਾਰ ਅਤੇ ਸ਼ੁਕਰਵਾਰ ਦੀ ਦਰਮਿਆਨੀ ਰਾਤ ਗੋਲੀਬਾਰੀ ਦੀਆਂ ਚਾਰ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 5 ਲੋਕਾਂ ਮਾਰੇ ਗਏ।

ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਗ੍ਰਹਿ ਮੰਤਰਾਲੇ ਤੋਂ ਰਾਸ਼ਟਰੀ ਰਾਜਧਾਨੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ। ਪਟਨਾਇਕ ਨੇ ਕਿਹ ਕਿ ਹਾਲਾਂਕਿ ਅਪਰਾਧਾਂ ਵਿਚ ਹਥਿਆਰਾਂ ਦੀ ਵਰਤੋਂ  ਵਿਚ ਕਮੀ ਆਈ ਹੈ। 2016 ਵਿਚ ਹਥਿਆਰਾਂ ਦੀ ਵਰਤੋਂ ਦੇ 951 ਮਾਮਲਿਆਂ ਦੀ ਤੁਲਨਾ ਵਿਚ 2017 'ਚ ਇਹ ਗਿਣਤੀ ਘਟ ਕੇ 851 ਅਤੇ 2018 ਵਿਚ 812 ਰਹਿ ਗਈ। 

ਪਟਨਾਇਕ ਨੇ ਕਿਹਾ ਕਿ ਦਿੱਲੀ ਪੁਲਿਸ ਸਾਹਮਣੇ ਚੁਨੌਤੀ ਇਹ ਹੈ ਕਿ ਗ਼ੈਰ ਕਾਨੂੰਨੀ ਹਥਿਆਰ ਕਾਰਖ਼ਾਨੇ ਰਾਜਧਾਨੀ ਦੇ ਨਜ਼ਦੀਕ ਹੋ ਚੁੱਕੇ ਹਨ ਅਤੇ ਹੁਣ ਇਹ ਮੱਧ ਪ੍ਰਦੇਸ਼ ਜਾਂ ਬਿਹਾਰ ਵਰਗੇ ਰਿਵਾਇਤੀ ਇਲਾਕਿਆਂ ਤਕ ਹੀ ਸੀਮਤ ਨਹੀਂ ਰਹੇ ਹਨ। ਉਨ੍ਹਾਂ ਦਸਿਆ ਕਿ ਪਹਿਲਾਂ ਹਥਿਆਰ ਮੱਧ ਪ੍ਰਦੇਸ਼ ਵਰਗੇ ਦੂਰ ਦੇ ਇਲਾਕਿਆਂ ਤੋਂ ਖ਼ਰੀਦੇ ਜਾਂਦੇ ਸਨ। ਹੁਣ ਕਾਰਖ਼ਾਨੇ ਬੁਲੰਦਸ਼ਹਿਰ, ਮੇਰਠ, ਬਰੇਲੀ ਵਰਗੇ ਇਲਾਕਿਆਂ ਵਿਚ ਚਲੇ ਗਏ ਹਨ ਇਸ ਤਰ੍ਹਾਂ ਹਥਿਆਰਾਂ ਤਕ ਪਹੁੰਚ (ਅਪਰਾਧੀਆਂ ਲਈ) ਸੌਖੀ ਹੋ ਗਈ ਹੈ ਅਤੇ ਇਹ ਸਾਡੇ ਲਈ ਇਕ ਚੁਨੌਤੀ ਹੈ ਅਤੇ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।''