ਕੀ ਕਾਂਗਰਸ ਸਿਰਫ਼ ਮੁਸਲਮਾਨ ਮਰਦਾਂ ਦੀ ਪਾਰਟੀ ਹੈ? : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

14 ਜੁਲਾਈ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕਥਿਤ ਤੌਰ 'ਤੇ ਕਾਂਗਰਸ ਨੂੰ ਮੁਸਲਮਾਨ ਪਾਰਟੀ ਆਖਣ 'ਤੇ ਦੇਸ਼ ਦੀ ਸਿਆਸਤ ਭਖ ਗਈ ਹੈ............

Prime Minister Narendra Modi while Addressing the Rally

ਨਵੀਂ ਦਿੱਲੀ/ਆਜ਼ਮਗੜ੍ਹ (ਯੂ.ਪੀ.) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕਥਿਤ ਤੌਰ 'ਤੇ ਕਾਂਗਰਸ  ਨੂੰ ਮੁਸਲਮਾਨ ਪਾਰਟੀ ਆਖਣ 'ਤੇ ਦੇਸ਼ ਦੀ ਸਿਆਸਤ ਭਖ ਗਈ ਹੈ। ਕਲ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁੱਦੇ ਨੂੰ ਚੁਕਿਆ, ਜਿਸ ਮਗਰੋਂ ਕਾਂਗਰਸ ਬੁਲਾਰੇ ਅਤੇ ਸੀਨੀਅਰ ਆਗੂ ਰਾਹੁਲ ਦੇ ਬਚਾਅ 'ਚ ਆ ਗਏ ਹਨ। ਅਸਲ 'ਚ ਇਕ ਉਰਦੂ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਨੇ ਮੁਸਲਮਾਨ ਬੁੱਧੀਜੀਵੀਆਂ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ 'ਕਾਂਗਰਸ ਮੁਸਲਮਾਨ ਪਾਰਟੀ' ਹੈ। ਕਾਂਗਰਸ ਨੇ ਇਸ ਖ਼ਬਰ ਨੂੰ ਅਫ਼ਵਾਹ ਕਰਾਰ ਦਿਤਾ ਹੈ।

ਜਦਕਿ ਅੱਜ ਇਸ ਬੈਠਕ 'ਚ ਸ਼ਾਮਲ ਇਕ ਬੁੱਧੀਜੀਵੀ ਪ੍ਰੋ. ਐਸ. ਇਰਫ਼ਾਨ ਹਬੀਬ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਬੈਠਕ ਦੌਰਾਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ  ਅਤੇ ਅਜਿਹਾ ਮੁੱਦਾ ਖੜਾ ਹੋਣਾ ਸ਼ਾਇਦ ਕਿਸੇ ਦੀ ਸ਼ਰਾਰਤ ਹੈ।  ਇਸੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਸਵਾਲ ਕੀਤਾ ਕਿ ਕੀ ਇਹ ਪਾਰਟੀ ਸਿਰਫ਼ ਮੁਸਲਮਾਨ ਮਰਦਾਂ ਦੀ ਪਾਰਟੀ ਹੈ, ਔਰਤਾਂ ਦੀ ਨਹੀਂ? ਮੋਦੀ ਨੇ ਇਹ ਗੱਲ ਉੱਤਰ ਪ੍ਰਦੇਸ਼ ਦੇ ਪੂਰਬਾਂਚਲ ਇਲਾਕੇ 'ਚ ਐਕਸਪ੍ਰੈੱਸ-ਵੇ ਪ੍ਰਾਜੈਕਟ ਦਾ ਨੀਂਹ ਪੱਧਰ ਰੱਖਣ ਮਗਰੋਂ ਇਕ ਰੈਲੀ 'ਚ ਕਹੀ। ਉਨ੍ਹਾਂ ਕਿਹਾ, ''ਮੈਂ ਅਖ਼ਬਾਰ 'ਚ ਪੜ੍ਹਿਆ ਕਿ ਕਾਂਗਰਸ ਪ੍ਰਧਾਨ ਨੇ ਕਿਹਾ ਹੈ

ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ। ਪਰ ਮੈਂ ਕਾਂਗਰਸ ਪ੍ਰਧਾਨ ਕੋਲੋਂ ਪੁਛਣਾ ਚਾਹੁੰਦਾ ਹਾਂ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ ਤਾਂ ਇਹ ਦੱਸੋ ਮੁਸਲਮਾਨਾਂ ਦੀ ਪਾਰਟੀ ਵੀ ਕੀ ਮਰਦਾਂ ਦੀ ਹੈ ਜਾਂ ਔਰਤਾ ਦੀ ਵੀ ਹੈ? ਕੀ ਮੁਸਲਮਾਨਾਂ ਔਰਤਾਂ ਦੇ ਮਾਣ ਲਈ ਥਾਂ ਹੈ? ਸੰਸਦ 'ਚ ਕਾਨੂੰਨ ਲਿਆਉਣ ਤੋਂ ਰੋਕਦੇ ਹਨ। ਸੰਸਦ ਚੱਲਣ ਨਹੀਂ ਦਿੰਦੇ।''ਅਸਲ 'ਚ ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਵਾਲਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਤਿੰਨ ਤਲਾਕ' ਨਾਲ ਸਬੰਧਤ ਬਿਲ ਦੇ ਪਾਸ ਨਾ ਹੋਣ ਨੂੰ ਇਸ ਮੁੱਦੇ ਰਾਹੀਂ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। 

'ਤਿੰਨ ਤਲਾਕ' ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ 'ਤੇ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਖਾਂ-ਕਰੋੜਾਂ ਮੁਸਲਮਾਨ ਭੈਣਾਂ-ਬੇਟੀਆਂ ਦੀ ਹਮੇਸ਼ਾ ਤੋਂ ਮੰਗ ਸੀ ਕਿ ਤਿੰਨ ਤਲਾਕ ਬੰਦ ਕਰਵਾਇਆ ਜਾਵੇ ਅਤੇ ਦੁਨੀਆਂ ਦੇ ਇਸਲਾਮਿਕ ਦੇਸ਼ਾਂ 'ਚ ਵੀ ਤਿੰਨ ਤਲਾਕ 'ਤੇ ਰੋਕ ਲੱਗੀ ਹੋਈ ਹੈ। ਦੂਜੇ ਪਾਸੇ ਕਾਂਗਰਸ ਨੇ ਪ੍ਰਧਾਨ ਮੰਤਰੀ 'ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਉਹ ਭਾਜਪਾ ਵਾਂਗ 'ਸ਼ਮਸ਼ਾਨ-ਕਬਰਿਸਤਾਨ ਅਤੇ ਵੰਡਣ ਦੀ ਸਿਆਸਤ' ਨਹੀਂ ਕਰਦੀ,

ਬਲਕਿ ਸਾਰੇ ਧਰਮਾਂ ਅਤੇ ਜਾਤਾਂ ਦਾ ਮਾਣ ਕਰਦੀ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਮੋਦ ਤਿਵਾਰੀ ਨੇ ਕਿਹਾ, ''ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਜੇਕਰ ਕੋਈ ਪਾਰਟੀ ਦੇਸ਼ ਦੇ ਹਰ ਧਰਮ, ਜਾਤ ਅਤੇ ਵਰਗ ਨੂੰ ਨਾਲ ਲੈ ਕੇ ਚਲਦੀ ਹੈ ਤਾਂ ਉਹ ਸਿਰਫ਼ ਕਾਂਗਰਸ ਹੈ। ਅਸੀਂ ਸਾਰਿਆਂ ਦਾ ਆਦਰ ਕਰਦੇ ਹਾਂ। ਅਸੀਂ ਮੋਦੀ ਵਾਂਗ ਸ਼ਮਸ਼ਾਨ, ਕਬਰਿਸਤਾਨ ਅਤੇ ਵੰਡਣ ਦੀ ਸਿਆਸਤ ਨਹੀਂ ਕਰਦੇ।''  (ਪੀਟੀਆਈ)