ਧਾਰਾ 370 ਨੂੰ ਖ਼ਤਮ ਹੋਣ ਨਾਲ ਜੰਮੂ-ਕਸ਼ਮੀਰ, ਲੱਦਾਖ਼ ਦੇ ਵਾਸੀਆਂ ਨੂੰ ਬਹੁਤ ਲਾਭ ਮਿਲਣਗੇ : ਕੋਵਿੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਧਾਨ ਸਭਾਵਾਂ ਵੀ ਇਸ ਵਾਰ ਦੇ ਸੰਸਦੀ ਸੈਸ਼ਨ ਵਾਂਗ ਕੰਮ ਕਰਨ ਦੇ ਸਭਿਆਚਾਰ ਨੂੰ ਅਪਨਾਉਣ

Ram Nath Kovind

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁਧਵਾਰ ਨੂੰ ਭਰੋਸਾ ਪ੍ਰਗਟਾਇਆ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੀਆਂ ਜ਼ਿਆਦਾਤਰ ਸ਼ਰਤਾਂ ਨੂੰ ਰੱਦ ਕਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡਣ ਦੇ ਫ਼ੈਸਲੇ ਨਾਲ ਉਥੋਂ ਦੇ ਵਾਸੀਆਂ ਨੂੰ ਬਹੁਤ ਜ਼ਿਆਦਾ ਲਾਭ ਮਿਲਣਗੇ।
ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਦੇਸ਼ ਦੇ ਨਾਂ ਅਪਣੇ ਸੰਬੋਧਨ 'ਚ ਕੋਵਿੰਦ ਨੇ ਕਿਹਾ, ''ਮੈਨੂੰ ਭਰੋਸਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਹਾਲ ਹੀ 'ਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਉਥੋਂ ਦੇ ਨਿਵਾਸੀ ਬਹੁਤ ਜ਼ਿਆਦਾ ਲਾਭ ਪ੍ਰਾਪਤ ਕਰਨਗੇ।

ਉਹ ਵੀ ਹੁਣ ਉਨ੍ਹਾਂ ਸਾਰੇ ਅਧਿਕਾਰਾਂ ਅਤੇ ਸਹੂਲਤਾਂ ਦਾ ਲਾਭ ਲੈ ਸਕਣਗੇ ਜੋ ਦੇਸ਼ ਦੇ ਦੂਜੇ ਖੇਤਰਾਂ 'ਚ ਰਹਿਣ ਵਾਲੇ ਨਾਗਰਿਕਾਂ ਨੂੰ ਮਿਲਦੀ ਹੈ।''ਕੋਵਿੰਦ ਨੇ ਕਿਹਾ, ''ਉਹ ਵੀ ਹੁਣ ਸਮਾਨਤਾ ਨੂੰ ਹੱਲਾਸ਼ੇਰੀ ਦੇਣ ਵਾਲੇ ਪ੍ਰਗਤੀਸ਼ੀਲ ਕਾਨੂੰਨਾਂ ਅਤੇ ਸ਼ਰਤਾਂ ਦਾ ਪ੍ਰਯੋਗ ਕਰ ਸਕਣਗੇ। 'ਸਿਖਿਆ ਦਾ ਅਧਿਕਾਰ' (ਆਰ.ਟੀ.ਆਈ.) ਕਾਨੂੰਨ ਲਾਗੂ ਹੋਣ ਨਾਲ ਸਾਰੇ ਬੱਚਿਆਂ ਲਈ ਸਿਖਿਆ ਯਕੀਨੀ ਕੀਤੀ ਜਾ ਸਕੇਗੀ। 'ਸੂਚਨਾ ਦਾ ਅਧਿਕਾਰ' ਮਿਲ ਜਾਣ ਨਾਲ ਹੁਣ ਉਥੋਂ ਦੇ ਲੋਕ ਜਨਹਿਤ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਰਵਾਇਤੀ ਰੂਪ ਨਾਲ ਸਾਧਨਹੀਣ ਰਹੇ ਵਰਗਾਂ ਦੇ ਲੋਕਾਂ ਨੂੰ ਸਿਖਿਆ ਅਤੇ ਨੌਕਰੀ 'ਚ ਰਾਖਵਾਂਕਰਨ ਅਤੇ ਹੋਰ ਸਹੂਲਤਾਂ ਮਿਲ ਸਕਣਗੀਆਂ।''

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਪੰਜ ਅਗੱਸਤ ਨੂੰ ਧਾਰਾ 370 ਦੀਆਂ ਜ਼ਿਆਦਾਤਰ ਸ਼ਰਤਾਂ ਨੂੰ ਹਟਾਉਣ ਅਤੇ ਸੂਬੇ ਦੀ ਵੰਡ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਨਾਲ ਜੁੜੇ ਸੰਕਲਪ ਅਤੇ ਬਿਲ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਦੋਹਾਂ ਕੇਂਦਰ ਸ਼ਾਸਤ ਪ੍ਰਦੇਸ਼ - ਜੰਮੂ ਕਸ਼ਮੀਰ ਅਤੇ ਲੱਦਾਖ - 31 ਅਕਤੂਬਰ ਤੋਂ ਹੋਂਦ 'ਚ ਆਉਣਗੇ। ਕੋਵਿੰਦ ਨੇ ਜੰਮੂ-ਕਸ਼ਮੀਰ 'ਚ ਕੀਤੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆ ਉਸ ਮਹਾਨ ਪੀੜ੍ਹੀ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਤਿੰਨ ਤਲਾਕ ਵਰਗੇ ਸਰਾਪ ਨੂੰ ਖ਼ਤਮ ਹੋ ਜਾਣ ਨਾਲ ਉਥੋਂ ਦੀਆਂ ਸਾਡੀਆਂ ਬੇਟੀਆਂ ਨੂੰ ਵੀ ਨਿਆਂ ਅਤੇ ਡਰਮੁਕਤ ਜੀਵਨ ਜੀਣ ਦਾ ਮੌਕਾ ਮਿਲੇਗਾ।

ਹਾਲ ਹੀ 'ਚ ਖ਼ਤਮ ਹੋਏ ਸੰਸਦੀ ਸੈਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ''ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸੰਸਦ ਦੇ ਹਾਲ ਹੀ 'ਚ ਖ਼ਤਮ ਹੋਏ ਸੈਸ਼ਨ 'ਚ ਸਿਆਸੀ ਪਾਰਟੀਆਂ ਵਿਚਕਾਰ ਆਪਸੀ ਸਹਿਯੋਗ ਜ਼ਰੀਏ, ਕਈ ਮਹੱਤਵਪੂਰਨ ਬਿਲ ਪਾਸ ਕੀਤੇ ਗਏ ਹਨ। ਮੈਂ ਚਾਹਾਂਗਾ ਕਿ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੀ 
ਸੰਸਦ ਦੇ ਇਸ ਅਸਰਦਾਰ ਕੰਮ ਸਭਿਆਚਾਰ ਨੂੰ ਅਪਨਾਉਣ।'' ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਆਮ ਵਿਅਕਤੀ ਦੇ ਹਿਤ 'ਚ ਬੈਂਕਿੰਗ ਸਹੂਲਤ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਸਮਾਵੇਸ਼ੀ ਬਣਾਇਆ ਗਿਆ ਹੈ। ਉਦਯੋਗਪਤੀਆਂ ਲਈ ਟੈਕਸ ਵਿਵਸਥਾ ਅਤੇ ਪੂੰਜੀ ਦੀ ਉਪਲਬਧਤਾ ਆਸਾਨ ਬਣਾਈ ਗਈ ਹੈ।

ਡਿਜੀਟਲ ਇੰਡੀਆ ਰਾਹੀਂ ਸਰਕਾਰ, ਲੋਕਾਂ ਤਕ ਨਾਗਰਿਕ ਸਹੂਲਤਾਂ ਅਤੇ ਉਪਯੋਗੀ ਜਾਣਕਾਰੀ ਪਹੁੰਚਾ ਰਹੀ ਹੈ। ਕੋਵਿੰਦ ਨੇ ਦੇਸ਼ ਦੇ ਸਮਾਵੇਸ਼ੀ ਸਭਿਆਚਾਰ ਦਾ ਜ਼ਿਕਰ ਕਰਦਿਆਂ ਕਿਹਾ, ''ਭਾਰਤ ਦਾ ਸਮਾਜ ਤਾਂ ਹਮੇਸ਼ਾ ਤੋਂ ਸਹਿਜ ਅਤੇ ਸਰਲ ਰਿਹਾ ਹੈ, ਅਤੇ 'ਜੀਉ ਤੇ ਜੀਣ ਦਿਉ' ਦੇ ਸਿਧਾਂਤ 'ਤੇ ਚਲ ਰਿਹਾ ਹੈ। ਸਾਡੀ ਭਾਸ਼ਾ, ਪੰਥ ਅਤੇ ਖੇਤਰ ਦੀਆਂ ਹੱਦਾਂ ਤੋਂ ਉਪਰ ਉਠ ਕੇ ਇਕ-ਦੂਜੇ ਦਾ ਮਾਣ ਕਰਦੇ ਰਹੇ ਹਨ। ਹਜ਼ਾਰਾ ਸਾਲਾਂ ਦੇ ਇਤਿਹਾਸ 'ਚ ਭਾਰਤੀ ਸਮਾਜ ਨੇ ਸ਼ਾਇਦ ਹੀ ਕਦੇ ਮੰਦਭਾਵਨਾ ਨਾਲ ਕੰਮ ਕੀਤਾ ਹੋਵੇ।''