ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

21 ਨਾਗਰਿਕਾਂ ਦੀ ਹੋਈ ਮੌਤ

21 Indians died in 2,050 ceasefire violations by Pakistan in 2019

ਸ੍ਰੀਨਗਰ : ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ 'ਤੇ ਭਾਰਤੀ ਵਿਦੇਸ਼ ਮੰਤਰਾਲਾ ਨੇ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਪਾਕਿਸਤਾਨ ਨੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਇਸ 'ਚ 21 ਨਾਗਰਿਕਾਂ ਦੀ ਮੌਤ ਹੋ ਗਈ। ਉਲੰਘਣਾ ਦੀਆਂ ਇਨ੍ਹਾਂ ਘਟਨਾਵਾਂ 'ਚ ਸਰਹੱਦ ਪਾਰ ਤੋਂ ਅਤਿਵਾਦੀਆਂ ਦੀ ਘੁਸਪੈਠ ਵੀ ਸ਼ਾਮਲ ਹੈ। ਇਸ ਵਿਚਕਾਰ ਪੁੰਛ ਦੇ ਮੇਂਢਰ ਸੈਕਟਰ 'ਚ ਫ਼ੌਜ ਨੇ ਪਾਕਿਸਤਾਨ ਵੱਲੋਂ ਦਾਗੇ ਗਏ ਜ਼ਿੰਦਾ ਮੋਰਟਾਰ ਨੂੰ ਨਕਾਰਾ ਵੀ ਕੀਤਾ। ਫ਼ੌਜ ਨੇ ਸਨਿਚਰਵਾਰ ਨੂੰ ਬਾਲਾਕੋਟ ਪਿੰਡ ਦੇ ਇਕ ਘਰ ਤੋਂ ਇਸ ਮੋਰਟਾਰ ਨੂੰ ਬਰਾਮਦ ਕੀਤਾ ਸੀ। ਫ਼ੌਜ ਨੇ ਦੱਸਿਆ ਕਿ ਇਸ 'ਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ।

ਰਵੀਸ਼ ਕੁਮਾਰ ਨੇ ਕਿਹਾ ਕਿ ਅਸੀ ਪਾਕਿਸਤਾਨ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਉਹ ਸਾਲ 2003 ਦੇ ਜੰਗਬੰਦੀ ਸਮਝੌਤੀ ਦੀ ਉਲੰਘਣਾ ਨਾ ਕਰਨ ਅਤੇ ਆਪਣੇ ਫ਼ੌਜੀਆਂ ਨੂੰ ਸਰਹੱਦ 'ਤੇ ਸ਼ਾਂਤੀ ਬਣਾਉਣ ਦੇ ਆਦੇਸ਼ ਦੇਣ। ਇਸ ਦੇ ਬਾਵਜੂਦ ਸਰਹੱਦ 'ਤੇ ਇਨ੍ਹਾਂ ਘਟਨਾਵਾਂ ਨੂੰ ਲਗਾਤਾਰ ਦੁਹਰਾਇਆ ਜਾ ਗਿਆ ਅਤੇ ਇਸ ਦਾ ਭਾਰਤੀ ਜਵਾਨਾਂ ਨੇ ਵੀ ਸਖ਼ਤ ਜਵਾਬ ਦਿੱਤਾ।

ਪਾਕਿਸਤਾਨੀ ਫ਼ੌਜ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ। ਇਸ ਦੇ ਜਵਾਬ 'ਚ ਫ਼ੌਜ ਨੇ 10 ਅਤੇ 11 ਸਤੰਬਰ ਨੂੰ ਪਾਕਿਸਤਾਨ ਦੇ 2 ਫ਼ੌਜੀਆਂ ਨੂੰ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਹਾਜੀਪੁਰ ਸੈਕਟਰ ਤੋਂ ਸਨਿਚਰਵਾਰ ਨੂੰ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਪਾਕਿਸਤਾਨੀ ਫ਼ੌਜੀ ਚਿੱਟਾ ਝੰਡਾ ਵਿਖਾ ਕੇ ਆਪਣੇ ਜਵਾਨਾਂ ਦੀਆਂ ਲਾਸ਼ਾਂ ਲਿਜਾ ਰਹੇ ਸਨ।