ਭਾਰਤ ਵਿਚ ਛੇਤੀ ਚੱਲਣਗੀਆਂ ਬਿਜਲਈ ਕਾਰਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਖੁਲ੍ਹਣ ਲੱਗੇ ਚਾਰਜਿੰਗ ਸਟੇਸ਼ਨ

file photo

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਬਿਜਲਈ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਚਾਹੁੰਦੀ ਹੈ ਕਿ ਲੋਕ ਡੀਜ਼ਲ ਅਤੇ ਪਟਰੌਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਬਜਾਏ ਬਿਜਲੀ ਨਾਲ ਚੱਲਣ ਵਾਲੇ ਵਾਹਨ ਖ਼ਰੀਦਣ। ਸਰਕਾਰ ਨੇ ਬਿਜਲਈ ਕਾਰਾਂ ਨੂੰ ਲੈ ਕੇ ਰੋਡਮੈਪ ਵੀ ਤਿਆਰ ਕਰ ਲਿਆ ਹੈ। ਇਸ ਦੇ ਤਹਿਤ ਹੋਲੀ ਹੋਲੀ ਪੂਰੀ ਦਿੱਲੀ ਵਿਚ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਖੁਲਣੇ ਆਰੰਭ ਹੋ ਗਏ ਹਨ।


ਬਿਜਲਈ ਗੱਡੀਆਂ ਨੂੰ ਚਾਰਜ ਕਰਨ ਲਈ ਹੁਣ ਸਾਊਥ ਦਿੱਲੀ ਨਗਰ ਨਿਗਮ ਵਿਖੇ ਪਹਿਲਾ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਇਹ ਸਾਊਥ ਐਮਸੀਡੀ ਅਤੇ ਈਈਐਸਐਲ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋ ਸਕਿਆ ਹੈ। ਇਹ ਚਾਰਜਿੰਗ ਸਟੇਸ਼ਨ ਗਰੇਟਰ ਕੈਲਾਸ਼ 'ਚ ਐਨ ਬਲਾਕ ਮਾਰਕੀਟ ਦੀ ਪਾਰਕਿੰਗ ਵਿਚ ਲਾਇਆ ਗਿਆ ਹੈ।

ਸਾਊਥ ਐਮਸੀਡੀ ਅਨੁਸਾਰ ਇਹ ਤਾਂ ਅਜੇ ਸ਼ੁਰੂਆਤ ਹੈ, ਸਾਊਥ ਦਿੱਲੀ ਨਗਰ ਨਿਗਮ ਵਿਖੇ ਕੁਲ 75 ਚਾਰਜਿੰਗ ਸਟੇਸ਼ਨ ਲਗਾਏ ਜਾਣ ਦੀ ਯੋਜਨਾ ਹੈ। ਚਾਰਜਿੰਗ ਸਟੇਸ਼ਨ ਦਾ ਉਦਘਾਟਨ ਮੇਅਰ ਸੁਨੀਤਾ ਕਾਂਗੜਾ, ਸਥਾਈ ਸਮਿਤੀ ਦੇ ਪ੍ਰਧਾਨ ਭੁਪਿੰਦਰ ਗੁਪਤਾ ਅਤੇ ਨਿਗਮ ਅਧਿਕਾਰੀ ਗਨੇਸ਼ ਭਾਰਤੀ ਨੇ ਕੀਤਾਇਸ ਮੌਕੇ ਨਿਗਮ ਅਧਿਕਾਰੀਆਂ ਨੇ ਦਸਿਆ ਕਿ ਈ-ਵਾਹਨ  ਚਾਰਜਿੰਗ ਸਟੇਸ਼ਨ ਲੱਗਣ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਉਹ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਖ਼ਰੀਦਣ ਲਈ ਉਤਸ਼ਾਹਿਤ ਹੋਣਗੇ। ਕਾਬਲੇਗੌਰ ਹੈ ਕਿ ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਨਾਲ ਗੱਡੀਆਂ ਚੱਲਣ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ।