ਇਲਾਇਚੀ ਵਾਲੇ ਦੁੱਧ 'ਚ ਦੇਸੀ ਘਿਓ ਤੇ ਸ਼ਹਿਦ ਪਾ ਕੇ ਪੀ ਰਹੇ ਕਿਸਾਨ, ਦਿੱਲੀ ਵਾਸੀ ਵੀ ਹੈਰਾਨ
ਧਰਨੇ ‘ਤੇ ਬੈਠੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਖ਼ਾਸ ਤਿਆਰ ਕੀਤਾ ਜਾ ਰਿਹਾ ਇਹ ਲੰਗਰ
ਨਵੀਂ ਦਿੱਲੀ (ਅਰਪਨ ਕੌਰ): ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਦੁਨੀਆਂ ਦੀ ਨਿਵੇਕਲੀ ਕੌਮ ਦਿਨ ਰਾਤ ਸੇਵਾ ਕਰ ਰਹੀ ਹੈ। ਸਿੱਖਾਂ ਵੱਲੋਂ ਕਿਸਾਨਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਦੌਰਾਨ ਹੀ ਹਰਿਆਣਾ ਤੋਂ ਆਏ ਪੰਜਾਬੀਆਂ ਵੱਲੋਂ ਠੰਢ ਦੇ ਮੌਸਮ ਵਿਚ ਕਿਸਾਨਾਂ ਲਈ ਇਲਾਇਚੀ ਤੇ ਸ਼ਹਿਰ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ। ਕਰਨਾਲ ਤੋਂ ਆਈ ਸਿੱਖ ਹਰਪੀਦ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੰਗਰ 2 ਦਸੰਬਰ ਤੋਂ ਲਗਾਤਾਰ ਚੱਲ ਰਿਹਾ ਹੈ।
ਉਹਨਾਂ ਦੱਸਿਆ ਕਿ ਇਹ ਲੰਗਰ ਕਰਨਾਲ ਤੋਂ ਹੀ ਤਿਆਰ ਹੋ ਕੇ ਆਉਂਦਾ ਹੈ ਤੇ ਸਵੇਰੇ 8 ਵਜੇ ਦੇ ਕਰੀਬ ਹੀ ਉਹਨਾਂ ਦੇ ਸੇਵਾਦਾਰ ਲੰਗਰ ਲੈ ਕੇ ਦਿੱਲੀ ਪਹੁੰਚ ਜਾਂਦੇ ਹਨ, ਜਿਸ ਵਿਚ ਮਿੱਸਾ ਪਰਛਾਦਾ, ਸਰੋਂ ਦਾ ਸਾਗ, ਮੱਖਣ, ਜੀਰੇ ਵਾਲੀ ਲੱਸੀ ਸ਼ਾਮਲ ਹੈ। ਇਸ ਤੋਂ ਬਾਅਦ ਸ਼ਾਮ ਨੂੰ 6 ਵਜੇ ਤੋਂ 9 ਵਜੇ ਤੱਕ ਕੇਸਰ ਵਾਲੇ ਦੁੱਧ ਵਿਚ ਲੌਂਗ, ਇਲਾਇਚੀ, ਦੇਸੀ ਘਿਓ ਤੇ ਸ਼ਹਿਦ ਆਦਿ ਪਾ ਕੇ ਕਿਸਾਨਾਂ ਨੂੰ ਵਰਤਾਇਆ ਜਾਂਦਾ ਹੈ।
ਹਰਦੀਪ ਸਿੰਘ ਨੇ ਦੱਸਿਆ ਕਿ ਇਹ ਸਾਡਾ ਸੱਭਿਆਚਾਰ ਹੈ ਤੇ ਅਸੀਂ ਸ਼ੁਰੂ ਤੋਂ ਹੀ ਇਹ ਖੁਰਾਕ ਲੈ ਰਹੇ ਹਾਂ। ਉਹਨਾਂ ਕਿਹਾ ਕਿ ਕਿਸਾਨ ਦਿਨ ਰਾਤ ਖੇਤਾਂ ਵਿਚ ਕੰਮ ਕਰਦੇ ਹਨ ਤੇ ਇਸ ਦੇ ਲਈ ਉਹਨਾਂ ਨੂੰ ਇਸ ਖੁਰਾਕ ਦੀ ਲੋੜ ਹੁੰਦੀ ਹੈ ਤੇ ਇਸ ਨੂੰ ਪਚਾਉਣ ਲਈ ਪਾਚਨ ਸ਼ਕਤੀ ਵੀ ਜ਼ਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ।
ਇਸ ਵਿਚ ਕਿਸੇ ਵੀ ਬਜ਼ਾਰੀ ਵਸਤੂ ਦੀ ਵਰਤੋਂ ਨਹੀਂ ਕੀਤੀ ਗਈ, ਸਾਰੀਆਂ ਚੀਜ਼ਾਂ ਘਰ ਵਿਚ ਹੀ ਤਿਆਰ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਦੁੱਧ ਨੂੰ ਰਾਤ ਦੇ 12 ਵਜੇ ਤੋਂ ਸਵੇਰ ਦੇ 6 ਵਜੇ ਤੱਕ ਕਾੜ੍ਹਿਆ ਜਾਂਦਾ ਹੈ। ਹਰਦੀਪ ਸਿੰਘ ਨੇ ਕਿਹਾ ਕਿ ਇਹ ਬਾਬੇ ਨਾਨਕ ਦਾ 20 ਰੁਪਏ ਵਾਲਾ ਲੰਗਰ ਹੀ ਚੱਲ ਰਿਹਾ ਹੈ। ਇਹ ਲੰਗਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨ ਭਰਾ ਡਟੇ ਹੋਏ ਹਨ।