ਕੇਜਰੀਵਾਲ ਨੇ ਮਾਣਹਾਨੀ ਮੁਕੱਦਮੇ ‘ਚ ਫਿਰ ਮੰਗੀ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਹੋਰ ਮਾਣਹਾਨੀ ਮੁਕੱਦਮੇ...

Arvind Kejriwal

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਹੋਰ ਮਾਣਹਾਨੀ ਮੁਕੱਦਮੇ ਵਿਚ ਮਾਫ਼ੀ ਮੰਗ ਲਈ ਹੈ। ਉਨ੍ਹਾਂ ਦੇ ਨਾਲ ਹੀ ਕੀਰਤੀ ਆਜ਼ਾਦ ਸ਼ਾਮਲ ਹਨ ਜੋ ਕਿ ਇਕ ਕ੍ਰਿਕੇਟਰ ਤੋਂ ਸੰਸਦ ਮੈਂਬਰ ਬਣੇ ਹਨ। ਕੇਜਰੀਵਾਲ ਅਤੇ ਆਜ਼ਾਦ ਨੇ ਦਿੱਲੀ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਤੋਂ ਮਾਫ਼ੀ ਮੰਗ ਕੇ ਮਾਣਹਾਨੀ ਮੁਕੱਦਮੇ ਵਿਚ ਸਮਝੌਤਾ ਕਰ ਲਿਆ ਹੈ। 

ਉਕਤ ਦੋਵਾਂ ਆਗੂਆਂ ਨੇ ਦਿੱਲੀ ਉੱਚ ਅਦਾਲਤ ਵਿਚ ਜਸਟਿਸ ਆਰ.ਐਸ. ਇੰਡਲਾਅ ਨੂੰ ਦੱਸਿਆ ਕਿ ਉਨ੍ਹਾਂ ਡੀਡੀਸੀਏ ਵਿਰੁਧ ਦਿਤੇ ਬਿਆਨ ਵਾਪਸ ਲੈ ਲਏ ਹਨ। ਕੇਜਰੀਵਾਲ ਦੇ ਵਕੀਲ ਅਨੁਪਮ ਸ਼੍ਰੀਵਾਸਤਵ ਨੇ ਅਦਾਲਤ ਨੂੰ ਦੱਸਿਆ ਕਿ 'ਆਪ' ਤੇ ਭਾਜਪਾ ਲੀਡਰਾਂ ਨੇ ਡੀਡੀਸੀਏ ਵਿਰੁਧ ਵਿੱਤੀ ਗੜਬੜੀ ਦੇ ਦੋਸ਼ ਲਾਏ ਸਨ ਤੇ ਹੁਣ ਅਪਣੇ ਬਿਆਨ ਵਾਪਸ ਲੈਣ ਬਾਰੇ ਪੱਤਰ ਡੀਡੀਸੀਏ ਦੇ ਵਕੀਲ ਪ੍ਰਦੀਪ ਛਿੰਦਰਾ ਨੂੰ ਦੇ ਦਿਤਾ ਹੈ।

ਦੱਸ ਦਈਏ ਕਿ ਕੀਰਤੀ ਆਜ਼ਾਦ ਬਿਆਨਬਾਜ਼ੀ ਕਰਨ ਦੇ ਬਦਲੇ ਭਾਜਪਾ ਨੇ ਮੁਅੱਤਲ ਵੀ ਕਰ ਦਿਤਾ ਸੀ। ਦੋਵਾਂ ਆਗੂਆਂ ਨੇ ਪੱਤਰ ਵਿਚ ਬਿਆਨ ਵਾਪਸ ਲੈਣ ਦਾ ਕਾਰਨ ਤਾਂ ਨਹੀਂ ਦੱਸਿਆ ਪਰ ਡੀਡਸੀਏ ਨੇ ਦੱਸਿਆ ਕਿ ਦੋਵਾਂ ਦੀ ਬਿਆਨ ਵਾਪਸੀ ਮਗਰੋਂ ਉਨ੍ਹਾਂ ਵਿਰੁਧ ਪੰਜ ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਵਾਪਸ ਲੈ ਲਿਆ ਹੈ। ਦੋਵਾਂ ਧਿਰਾਂ ਵਲੋਂ ਸਮਝੌਤਾ ਕਰਨ ਬਾਰੇ ਦੱਸਣ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਕੇਸ ਖਾਰਜ ਕਰ ਦਿਤਾ ਗਿਆ ਹੈ।

ਦੱਸ ਦਈਏ ਕਿ ਕੇਜਰੀਵਾਲ ਇਸ ਤੋਂ ਪਹਿਲਾਂ ਨਿਤਿਨ ਗਡਕਰੀ, ਅਰੁਣ ਜੇਤਲੀ ਅਤੇ ਬਿਕਰਮ ਮਜੀਠੀਆ ਵਿਰੁਧ ਬਿਆਨਬਾਜ਼ੀ ਕਰਨ ਤੋਂ ਬਾਅਦ ਮਾਣਹਾਨੀ ਮੁਕੱਦਮਾ ਖ਼ਤਮ ਕਰਨ ਲਈ ਮਾਫ਼ੀਆਂ ਮੰਗ ਚੁੱਕੇ ਹਨ।
 

Related Stories