ਭਾਰਤ ਅਤੇ ਮਿਆਂਮਾਰ ਦੀ ਫ਼ੌਜ ਨੇ ਮਿਲ ਕੇ ਤਬਾਹ ਕੀਤੇ ਅਤਿਵਾਦੀ ਕੈਂਪ
ਭਾਰਤੀ ਫ਼ੌਜ ਨੇ ਮਿਆਂਮਾਰ ਨਾਲ ਮਿਲ ਕੇ ਸਰਹੱਦ ਦੇ ਕੋਲ ਅਤਿਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ।
ਨਵੀਂ ਦਿੱਲੀ: ਭਾਰਤੀ ਫੌਜ ਨੇ ਮਿਆਂਮਾਰ ਨਾਲ ਮਿਲ ਕੇ ਸਰਹੱਦ ਦੇ ਕੋਲ ਅਤਿਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤ ਅਤੇ ਮਿਆਂਮਾਰ ਵੱਲੋਂ ਤਿੰਨ ਹਫ਼ਤੇ ਦੀ ਲੰਬੀ ਹਿੱਸੇਦਾਰੀ ਨਾਲ ਸਰਹੱਦ ‘ਤੇ ਇਸ ਤਰ੍ਹਾਂ ਦੇ ਅਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ਅਪਰੇਸ਼ਨ ਵਿਚ ਮਣੀਪੁਰ, ਨਾਗਾਲੈਂਡ ਅਤੇ ਅਸਾਮ ਦੇ ਕਈ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਤੋਂ ਪਹਿਲਾਂ ਅਪਰੇਸ਼ਨ ਸਨਰਾਈਜ਼ ਨੂੰ ਤਿੰਨ ਮਹੀਨੇ ਪਹਿਲਾਂ ਇੰਡੋ-ਮਿਆਂਮਾਰ ਸਰਹੱਦ ਦੇ ਕੋਲ ਅੰਜਾਮ ਦਿੱਤਾ ਗਿਆ ਸੀ, ਜਿਸ ਵਿਚ ਕਈ ਨਾਰਥ ਈਸਟ ਦੇ ਅਤਿਵਾਦੀ ਸਮੂਹਾਂ ਨੂੰ ਨਸ਼ਟ ਕੀਤਾ ਗਿਆ। ਮਿਆਂਮਾਰ ਭਾਰਤ ਦਾ ਰਣਨੀਤਕ ਗੁਆਂਢੀ ਹੈ ਅਤੇ ਇਹ ਨਾਰਥ ਈਸਟ ਦੇ ਸੂਬਿਆਂ ਨਾਲ 1640 ਕਿਲੋਮੀਟਰ ਦਾ ਬਾਰਡਰ ਸਾਂਝਾ ਕਰਦਾ ਹੈ। ਇਸ ਵਿਚ ਨਾਗਾਲੈਂਡ ਅਤੇ ਮਣੀਪੁਰ ਵੀ ਸ਼ਾਮਿਲ ਹਨ।
ਸੂਤਰਾਂ ਮੁਤਾਬਿਕ ਅਪਰੇਸ਼ਨ ਸਨਰਾਈਜ਼ ਦੋ ਦੌਰਾਨ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ 6 ਦਰਜਨ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕੈਂਪ ਤਬਾਹ ਕਰ ਦਿੱਤੇ ਗਏ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਕਾਰਵਾਈ ਵਿਚ ਇੰਟੈਲੀਜੈਂਸ ਇਨਪੁਟ ਅਤੇ ਗਰਾਊਂਡ ਦੀ ਸਥਿਤੀ ਦਾ ਵੀ ਯੋਗਦਾਨ ਰਿਹਾ। ਭਾਰਤੀ ਫੌਜ ਤੋਂ ਇਲਾਵਾ ਅਸਾਮ ਰਾਇਫ਼ਲਜ਼ ਦੇ ਫੌਜੀ ਵੀ ਇਸ ਅਪਰੇਸ਼ਨ ਦਾ ਹਿੱਸਾ ਸਨ।
ਜੂਨ 2015 ਵਿਚ ਵੀ ਫੌਜ ਨੇ ਐਨਐਸਸੀਐਨ ਵਿਰੁੱਧ ਇੰਡੋ ਮਿਆਂਮਾਰ ਬਾਰਡਰ ‘ਤੇ ਅਪਰੇਸ਼ਨ ਚਲਾਇਆ ਸੀ। ਇਹ ਅਪਰੇਸ਼ਨ ਇਸ ਲਈ ਚਲਾਇਆ ਗਿਆ ਸੀ ਕਿਉਂਕਿ ਅਤਿਵਾਦੀਆਂ ਨੇ ਮਣੀਪੁਰ ਵਿਚ ਫੌਜ ਦੇ 18 ਜਵਾਨਾਂ ਨੂੰ ਮਾਰ ਦਿੱਤਾ ਸੀ। ਸੁਰੱਖਿਆ ਏਜੰਸੀਆਂ ਮੁਤਾਬਿਕ ਮਿਆਂਮਾਰ ਦੇ ਨਾਰਥ ਈਸਟ ਵਿਚ ਬੀਤੇ ਸਾਲ ਤੱਕ 50 ਤੋਂ ਜ਼ਿਆਦਾ ਅਤਿਵਾਦੀ ਗਰੁੱਪ ਸਨ।