‘ਸਿੰਗਲ ਮਦਰ’ ਦੇ ਬੱਚੇ ਨੂੰ ਸਕੂਲ ਨੇ ਨਹੀਂ ਦਿੱਤਾ ਦਾਖ਼ਲਾ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀੜਤ ਔਰਤ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਹੋਈ ਵਾਰਤਾਲਾਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਹੈ।

School refuses admission to child of single mother

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਵਾਸ਼ੀ ਸਥਿਤ ਸੇਂਟ ਲਾਰੇਂਸ ਹਾਈ ਸਕੂਲ ਨੇ ਕਥਿਤ ਤੌਰ ‘ਤੇ ਦੂਜੀ ਜਮਾਤ ਦੇ ਵਿਦਿਆਰਥੀ ਨੂੰ ਸਿਰਫ਼ ਇਸ ਅਧਾਰ ‘ਤੇ ਦਾਖ਼ਲਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਸ ਦੀ ਮਾਂ ਇਕੱਲੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਹੋਈ ਵਾਰਤਾਲਾਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਹੈ।

ਹਾਲਾਂਕਿ ਸਕੂਲ ਦਾ ਅਪਣੀ ਸਫ਼ਾਈ ਵਿਚ ਕਹਿਣਾ ਹੈ ਕਿ ਉਹ ਬੱਚਿਆਂ ਦੇ ਨਾਲ ਭੇਦਭਾਵ ਨਹੀਂ ਕਰਦੇ। ਔਰਤ ਇਕ ਨਿੱਜੀ ਕੰਪਨੀ ਵਿਚ ਸੇਲਜ਼ ਮੈਨੇਜਰ ਹੈ।ਦਰਅਸਲ ਨੇਰੂਲ ਨਿਵਾਸੀ ਸੁਜਾਤਾ ਮੋਹਿਤੇ ਨੇ ਕਿਹਾ ਕਿ ਉਹ ਅਪ੍ਰੈਲ ਤੋਂ ਸੈਂਟ ਲਾਰੇਂਸ ਸਕੂਲ ਵਿਚ ਦੂਜੀ ਜਮਾਤ ਲਈ ਅਪਣੇ ਲੜਕੇ ਲਈ ਦਾਖ਼ਲਾ ਮੰਗ ਰਹੀ ਹੈ। ਪਰ ਜਦੋਂ ਉਸ ਨੇ ਦੱਸਿਆ ਕਿ ਉਹ ਬੱਚੇ ਦੀ ‘ਸਿੰਗਲ ਮਦਰ’ ਹੈ ਤਾਂ ਸਕੂਲ ਨੇ ਜਵਾਬ ਵਿਚ ਕਿਹਾ ਕਿ ਹਾਲੇ ਕੋਈ ਸੀਟ ਖ਼ਾਲੀ ਨਹੀਂ ਹੈ।

ਇਸ ਤੋਂ ਬਾਅਦ ਲੜਕੇ ਦੀ ਮਾਂ ਨੇ ਕਿਹਾ ਕਿ ਉਸ ਨੇ ਇਕ ਲੜਕੀ ਬਣ ਕੇ ਦਾਖ਼ਲੇ ਲਈ ਫ਼ੋਨ ਕੀਤਾ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਕਿਹਾ ਕਿ ਉਹ ਉਸ ਨਾਲ ਮੁਲਾਕਾਤ ਕਰਨ। ਸੁਜਾਤਾ ਅਨੁਸਾਰ ਜਦੋਂ ਉਸ ਨੇ ਸਕੂਲ ‘ਚ ਫ਼ੋਨ ਕਰਕੇ ਪੁੱਛਿਆ ਕਿ ਦਾਖ਼ਲਾ ਹੋ ਰਿਹਾ ਹੈ? ਤਾਂ ਜਵਾਬ ਮਿਲਿਆ ਸੀ ਹਾਂ। ਉਸ ਤੋਂ ਬਾਅਦ ਜਦੋਂ ਉਹ ਸਕੂਲ ਗਈ ਤਾਂ ਉਹਨਾਂ ਨੇ ਸੁਜਾਤਾ ਨੂੰ ਫਾਰਮ ਦੇਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਦੂਜੀ ਜਮਾਤ ਵਿਚ ਕੋਈ ਸੀਟ ਖ਼ਾਲੀ ਨਹੀਂ ਹੈ।

ਸੁਜਾਤਾ ਮੁਤਾਬਿਕ ਉਹ ਚਾਰ ਸਾਲ ਪਹਿਲਾਂ ਅਪਣੇ ਪਤੀ ਤੋਂ ਅਲੱਗ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਨੇ ਸਕੂਲ ਕੈਂਪਸ ਦੇ ਅੰਦਰ ਪ੍ਰਿੰਸੀਪਲ ਸਿਰੀ ਕਾਨਾਡੇ ਨਾਲ ਹੋਈ ਪੂਰੀ ਗੱਲਬਾਤ ਰਿਕਾਰਡ ਕਰ ਲਈ, ਜਿਸ ਵਿਚ ਪ੍ਰਿੰਸੀਪਲ ਕਹਿ ਰਹੀ ਹੈ ਕਿ ਉਹਨਾਂ ਦਾ ਸਕੂਲ ਸਿੰਗਲ ਪੈਰੇਂਟ ਵਾਲੇ ਬੱਚੇ ਨੂੰ ਦਾਖ਼ਲਾ ਨਹੀਂ ਦਿੰਦਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਹ ਧਿਆਨਦੇਣਯੋਗ ਹੈ ਕਿਉਂਕਿ ਅਜਿਹੇ ਵਿਚਾਰ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ, ਜਦਕਿ ਅਸੀਂ ਹਰੇਕ ਭਾਰਤੀ ਬੱਚੇ ਲਈ ਸਿੱਖਿਆ ਦੇ ਅਧਿਕਾਰ ਦਾ ਦਾਅਵਾ ਕਰਦੇ ਹਾਂ, ਜੋ ਕਿ ਸਕੂਲਾਂ ਨੇ ਲਾਗੂ ਕਰਨਾ ਹੁੰਦਾ ਹੈ।  ਸਿੱਖਿਆ ਦਾ ਅਧਿਕਾਰ ਕਾਨੂੰਨ 2009 ਵਿਚ ਵੀ ਇਹ ਖ਼ਾਸ ਤੌਰ ‘ਤੇ ਕਿਹਾ ਗਿਆ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਜੇਕਰ ਅਲੱਗ ਹੋ ਜਾਂਦੇ ਹਨ ਤਾਂ ਇਸ ਦਾ ਬੱਚਿਆਂ ਦੀ ਸਿੱਖਿਆ ‘ਤੇ ਕੋਈ ਅਸਰ ਨਹੀਂ ਹੋਵੇਗਾ।