ਭਾਰਤ-ਚੀਨ ਸਰਹੱਦ 'ਤੇ ਸੈਨਿਕ ਟਕਰਾਅ ਦੌਰਾਨ ਨਹੀਂ ਹੁੰਦੀ ਫ਼ਾਇਰਿੰਗ, ਜਾਣੋ ਕਿਉਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 1993 ਵਿਚ ਭਾਰਤ-ਚੀਨ ਵਿਚਾਲੇ ਹੋਇਆ ਸੀ ਸ਼ਾਂਤੀ ਸਮਝੌਤਾ

Indo-China border

ਨਵੀਂ ਦਿੱਲੀ : ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਭਾਰਤ-ਚੀਨ ਸਰਹੱਦ 'ਤੇ ਅਕਸਰ ਦੋਵਾਂ ਦੇਸ਼ਾਂ ਦੇ ਫ਼ੌਜੀ ਆਹਮੋ-ਸਾਹਮਣੇ ਆ ਜਾਂਦੇ ਹਨ। ਕਈ ਵਾਰ ਫ਼ੌਜੀ ਜਵਾਨ ਇਕ-ਦੂਜੇ ਨਾਲ ਭਿੜ ਵੀ ਜਾਂਦੇ ਹਨ ਪਰ ਕਦੇ ਗੋਲੀਬਾਰੀ ਦੀ ਘਟਨਾ ਨਹੀਂ ਵਾਪਰਦੀ। ਇਸ ਪਿਛੇ ਸਾਲ 1993 ਵਿਚ ਦੋਵਾਂ ਦੇਸ਼ਾਂ ਵਿਚਾਲੇ ਹੋਇਆ ਸਮਝੌਤਾ ਹੈ ਜਿਸ ਦੇ ਤਹਿਤ ਦੋਵੇਂ ਦੇਸ਼ ਗੋਲੀ ਨਾ ਚਲਾਉਣ ਲਈ ਪਾਬੰਦ ਹਨ।

ਕਾਬਲੇਗੌਰ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਲਾਈਨ ਆਫ਼ ਕੰਟਰੋਲ (ਐਲਏਸੀ) ਦੀ ਲੰਬਾਈ ਤਕਰੀਬਨ 3488 ਕਿਲੋਮੀਟਰ ਹੈ। ਦੂਜੇ ਪਾਸੇ ਚੀਨ ਦਾ ਮੰਨਣਾ ਹੈ ਕਿ ਇਸ ਦੀ ਲੰਬਾਈ ਕੇਵਲ 2000 ਕਿਲੋਮੀਟਰ ਹੀ ਹੈ। ਸਾਲ 1991 ਵਿਚ ਉਸ ਸਮੇਂ ਦੇ ਚੀਨੀ ਪ੍ਰਧਾਨ ਮੰਤਰੀ  ਲੀ ਪੇਂਗ ਭਾਰਤ ਯਾਤਰਾ 'ਤੇ ਆਏ ਸਨ। ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮਾ ਰਾਓ ਸਨ। ਨਰਸਿਮਾ ਰਾਓ ਨੇ ਚੀਨੀ ਪ੍ਰਧਾਨ ਮੰਤਰੀ ਨਾਲ ਲਾਈਨ ਆਫ਼ ਕੰਟਰੋਲ 'ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਸਬੰਧੀ ਗੱਲਬਾਤ ਕੀਤੀ ਸੀ।

ਇਸ ਤੋਂ ਬਾਅਦ ਸਾਲ 1993 ਵਿਚ ਭਾਰਤੀ ਪ੍ਰਧਾਨ ਮੰਤਰੀ ਨਰਸਿਮਾ ਰਾਓ ਚੀਨ ਦੌਰੇ 'ਤੇ ਗਏ ਸਨ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਐਲਏਸੀ 'ਤੇ ਸ਼ਾਂਤੀ ਬਣਾਏ ਰੱਖਣ ਸਬੰਧੀ ਇਕ ਸਮਝੌਤਾ ਕੀਤਾ ਗਿਆ ਸੀ। ਸਮਝੌਤੇ ਤਹਿਤ 10 ਬਿੰਦੂਆਂ 'ਤੇ ਪੂਰਨ ਸਹਿਮਤੀ ਬਣੀ ਸੀ। ਇਨ੍ਹਾਂ ਵਿਚੋਂ ਅੱਠ ਬਹੁਤ ਹੀ ਮਹੱਤਵਪੂਰਨ ਮੰਨੇ ਗਏ ਸਨ। ਇਸ ਸਮਝੌਤੇ 'ਤੇ ਭਾਰਤ ਦੇ ਉਸ ਸਮੇਂ ਦੇ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਅਤੇ ਚੀਨ ਦੇ ਵਿਦੇਸ਼ ਮੰਤਰੀ  ਤਾਂਗ ਜਿਯਾਸ਼ੂਆਨ ਨੇ ਦਸਤਖ਼ਤ ਕੀਤੇ ਸਨ।

ਇਸ ਸਮਝੌਤੇ ਦੀ ਖ਼ਾਸ ਗੱਲ ਇਹ ਸੀ ਕਿ ਭਾਰਤ-ਚੀਨ ਵਲੋਂ ਸਰਹੱਦੀ ਵਿਵਾਦ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ 'ਤੇ ਜ਼ੋਰ ਦਿਤਾ ਜਾਵੇਗਾ। ਇਸ ਦੌਰਾਨ ਸਹਿਮਤੀ ਬਣੀ ਕਿ ਵਿਰੋਧੀ ਪੱਖ ਖਿਲਾਫ਼ ਬਲ ਜਾਂ ਫ਼ੌਜ ਦੇ ਇਸਤੇਮਾਲ ਦੀ ਧਮਕੀ ਨਹੀਂ ਦਿਤੀ ਜਾਵੇਗੀ। ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੀਆਂ ਗਤੀਵਿਧੀਆਂ ਮੌਜੂਦਾ ਕੰਟਰੋਲ ਲਾਈਨ ਤੋਂ ਦੂਜੇ ਪਾਸੇ ਨਹੀਂ ਵਧਣਗੀਆਂ। ਜੇਕਰ ਇਕ ਧਿਰ ਦੇ ਜਵਾਨ ਅਸਲ ਕੰਟਰੋਲ ਲਾਈਨ ਤੋਂ ਦੂਜੇ ਪਾਸੇ ਪ੍ਰਵੇਸ਼ ਕਰਦੇ ਹਨ ਤਾਂ ਅੱਗੋਂ ਇਸ ਸਬੰਧੀ ਇਸ਼ਾਰਾ ਮਿਲਣ ਬਾਅਦ ਤੁਰਤ ਅਸਲ ਕੰਟਰੋਲ ਲਾਈਨ ਤੋਂ ਵਾਪਸ ਚਲੇ ਜਾਣਗੇ।

ਦੋਵਾਂ ਦੇਸ਼ਾਂ ਵਿਚਾਲੇ ਸੁਖਾਵੇਂ ਸਬੰਧਾਂ ਲਈ ਕੰਟਰੋਲ ਲਾਈਨ 'ਤੇ ਦੋਵੇਂ ਪੱਖ ਘੱਟ ਤੋਂ ਘੱਟ ਸੈਨਿਕ ਬਲ ਤੈਨਾਤ ਕਰਨਗੇ। ਕੰਟਰੋਲ ਲਾਈਨ 'ਤੇ ਸੈਨਿਕਾਂ ਦੀ ਸੀਮਾ ਅਤੇ ਇਨ੍ਹਾਂ ਦੀ ਗਿਣਤੀ ਵਧਾਉਣ ਆਦਿ ਦਾ ਫ਼ੈਸਲਾ ਦੋਵਾਂ ਦੇਸ਼ਾਂ ਵਿਚਾਲੇ ਸਲਾਹ-ਮਸ਼ਵਰੇ ਤਹਿਤ ਹੋਵੇਗਾ। ਇਸੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਅਜਿਹੇ ਸਮਝੌਤੇ ਦੇ ਬਾਵਜੂਦ  ਸਰਹੱਦ 'ਤੇ ਫ਼ੌਜੀ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਹੈ। ਇਹ ਘਟਨਾ ਤਕਰੀਬਨ 50 ਸਾਲ ਦੇ ਵਕਫ਼ੇ ਬਾਅਦ ਵਾਪਰੀ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਮਾਮਲੇ ਨੂੰ ਸ਼ਾਂਤ ਕਰਨ ਲਈ ਮੀਟਿੰਗਾਂ ਕਰ ਰਹੇ ਹਨ। ਉਮੀਦ ਹੈ, ਇਸ ਮਸਲੇ ਦਾ ਛੇਤੀ ਹੀ ਸ਼ਾਂਤੀਪੂਰਵਕ ਹੱਲ ਕੱਢ ਲਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।