'ਆਪ' ਦੇ ਸੀਨੀਅਰ ਨੇਤਾ ਆਸ਼ੂਤੋਸ਼ ਵਲੋਂ ਅਸਤੀਫ਼ਾ, ਕੇਜਰੀਵਾਲ ਨੇ ਨਕਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਆਸ਼ੂਤੋਸ਼ ਨੇ ਪਾਰਟੀ ਛੱਡਣ ...

Ashutosh With CM Kejriwal

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਆਸ਼ੂਤੋਸ਼ ਨੇ ਪਾਰਟੀ ਛੱਡਣ ਦੇ ਪਿੱਛੇ ਨਿੱਜੀ ਕਾਰਨ ਦਸਿਆ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਉੁਹ ਰਾਜਨੀਤੀ ਤੋਂ ਸੰਨਿਆਸ ਲੈ ਸਕਦੇ ਹਨ। ਆਮ ਆਦਮੀ ਪਾਰਟੀ ਤੋਂ ਪਿਛਲੇ ਚਾਰ ਸਾਲਾਂ ਤੋਂ ਜੁੜੇ ਆਸ਼ੂਤੋਸ਼ ਵੱਲੋਂ ਪਾਰਟੀ ਛੱਡਣ ਦਾ ਇਕ ਕਾਰਨ ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਸਾਲ ਉਹ 'ਆਪ' ਦੇ ਵਲੋਂ ਰਾਜਸਭਾ ਨਾ ਭੇਜੇ ਜਾਣ ਦੇ ਚੱਲਦੇ ਨਿਰਾਸ਼ ਸਨ।

ਆਸ਼ੂਤੋਸ਼ ਪਾਰਟੀ ਦੇ ਸੀਨੀਅਰ ਨੇਤਾਵਾਂ ਵਿਚੋਂ ਇਕ ਹਨ। ਉਹ 2014 ਵਿਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ। 2014 ਵਿਚ ਚਾਂਦਨੀ ਚੌਕ ਤੋਂ ਆਪ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਹੀ ਲੜਾਈ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ। ਉਧਰ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਸੂਤੋਸ਼ ਦੇ ਅਸਤੀਫ਼ੇ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ।

ਕੇਜਰੀਵਾਲ ਨੇ ਇੱਥੋਂ ਤਕ ਕਹਿ ਦਿਤਾ ਕਿ ਇਸ ਜਨਮ ਵਿਚ ਆਸ਼ੂਤੋਸ਼ ਦਾ ਅਸਤੀਫਾ ਸਵੀਕਾਰ ਨਹੀਂ ਕਰ ਸਕਦੇ। ਕੇਜਰੀਵਾਲ ਨੇ ਟਵਿੱਟਰ 'ਤੇ ਲਿਖਿਆ, ''ਅਸੀਂ ਤੁਹਾਡਾ ਅਸਤੀਫਾ ਕਿਵੇਂ ਸਵੀਕਾਰ ਕਰ ਸਕਦੇ ਹਾਂ। ਨਾ ਇਸ ਜਨਮ 'ਚ ਤਾਂ ਨਹੀਂ।''ਕੇਜਰੀਵਾਲ ਨੇ ਅਸਤੀਫੇ ਦੇ ਐਲਾਨ ਵਾਲੇ ਆਸ਼ੂਤੋਸ਼ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, 'ਸਰ, ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।' ਦੱਸਣਯੋਗ ਹੈ ਕਿ ਆਸ਼ੂਤੋਸ਼ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਨੇ ਅਸਤੀਫ਼ੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿਤਾ ਹੈ। 

ਆਸ਼ੂਤੋਸ਼ ਨੇ ਟਵੀਟ 'ਤੇ ਕਿਹਾ, ''ਹਰ ਸਫ਼ਰ ਦਾ ਇਕ ਅੰਤ ਹੁੰਦਾ ਹੈ। ਆਮ ਆਦਮੀ ਪਾਰਟੀ ਨਾਲ ਜੁੜਾਵ ਚੰਗਾ ਅਤੇ ਕ੍ਰਾਂਤੀਕਾਰੀ ਸੀ, ਇਸਦਾ ਵੀ ਅੰਤ ਹੋ ਗਿਆ ਹੈ। ਮੈਂ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ (ਪੀਏਸੀ) ਤੋਂ ਅਸਤੀਫਾ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ। ਪਾਰਟੀ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ।''