ਗੁਜਰਾਤ ਦੰਗਿਆਂ ਮਗਰੋਂ ਵਾਜਪਾਈ ਨੇ ਮੋਦੀ ਨੂੰ ਸ਼ਰ੍ਹੇਆਮ ਆਖ ਦਿੱਤੀ ਸੀ ਇਹ ਗੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਜਪਾਈ ਦੀ ਗੱਲ ਸੁਣ ਮੋਦੀ ਸਮੇਤ ਪੱਤਰਕਾਰ ਵੀ ਹੋ ਗਏ ਸੀ ਸੁੰਨ

Atal Bihari Vajpayee and Narendra Modi

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸ਼ਬਦ ਕਈ ਵਾਰ ਵਿਰੋਧੀਆਂ ਦੇ ਨਾਲ-ਨਾਲ ਦੋਸਤਾਂ ਨੂੰ ਵੀ ਸਿੱਖਿਆ ਦੇ ਜਾਂਦੇ ਸਨ। ਅੱਜ ਵੀ ਜਦੋਂ 2002 ਦੇ ਗੁਜਰਾਤ ਦੰਗਿਆਂ ਦੀ ਚਰਚਾ ਹੁੰਦੀ ਹੈ ਤਾਂ ਅਟਲ ਬਿਹਾਰੀ ਵਾਜਪਾਈ ਦੀ ਉਹ ਨਸੀਹਤ ਸਾਹਮਣੇ ਆ ਜਾਂਦੀ ਹੈ ਜੋ ਉਨ੍ਹਾਂ ਨੇ  ਗੁਜਰਾਤ ਦੌਰੇ ਮੌਕੇ ਨਰਿੰਦਰ ਮੋਦੀ ਨੂੰ ਦਿੱਤੀ ਸੀ।

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਗੁਜਰਾਤ ਵਿਚ ਹੋਈ ਹਿੰਸਾ ਤੋਂ ਬਾਅਦ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਗੁਜਰਾਤ ਦਾ ਦੌਰਾ ਕੀਤਾ ਸੀ। ਗੁਜਰਾਤ ਵਿਚ ਭਾਜਪਾ ਦੀ ਸਰਕਾਰ ਸੀ ਅਤੇ ਨਰਿੰਦਰ ਮੋਦੀ ਉਥੋਂ ਦੇ ਮੁੱਖ ਮੰਤਰੀ ਸਨ। ਇਸ ਦੌਰਾਨ ਜਦੋਂ ਵਾਜਪਾਈ ਨੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਹਾਡਾ ਮੁੱਖ ਮੰਤਰੀ ਲਈ ਕੀ ਸੰਦੇਸ਼ ਹੈ?

ਇਸ 'ਤੇ ਵਾਜਪਾਈ ਨੇ ਕਿਹਾ ਕਿ ਮੁੱਖ ਮੰਤਰੀ ਲਈ ਮੇਰਾ ਸਿਰਫ਼ ਇਕ ਸੰਦੇਸ਼ ਹੈ ਕਿ ਉਹ ਰਾਜ ਧਰਮ ਦਾ ਪਾਲਣ ਕਰਨ, ਇਕ ਰਾਜਾ ਨੂੰ ਪ੍ਰਜਾ ਵਿਚ ਭੇਦਭਾਵ ਨਹੀਂ ਕਰਨਾ ਚਾਹੀਦਾ। ਇਹ ਉਹ ਸਮਾਂ ਸੀ ਜਦੋਂ ਨਰਿੰਦਰ ਮੋਦੀ 'ਤੇ ਗੁਜਰਾਤ ਦੰਗਿਆਂ ਵਿਚ ਮੁਸਲਮਾਨਾਂ ਦੇ ਖ਼ਿਲਾਫ਼ ਦੰਗਾਕਾਰੀਆਂ ਦਾ ਸਾਥ ਦੇਣ ਦੇ ਗੰਭੀਰ ਇਲਜ਼ਾਮ ਲੱਗ ਰਹੇ ਸਨ।

ਅੱਜ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੀ ਬਰਸੀ ਮੌਕੇ ਉਨ੍ਹਾਂ ਦੀ ਇਹ ਨਸੀਹਤ ਸਾਰਿਆਂ ਨੂੰ ਯਾਦ ਆਉਂਦੀ ਹੈ ਜੋ ਉਨ੍ਹਾਂ ਨੇ ਮੋਦੀ ਨੂੰ ਦਿੱਤੀ ਸੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕਾਸ਼! ਅੱਜ ਵੀ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣ ਚੁੱਕੇ ਮੋਦੀ ਨੂੰ ਕੋਈ ਨਸੀਹਤ ਦੇਣ ਵਾਲਾ ਭਾਜਪਾ ਵਿਚ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ।