ਕਸ਼ਮੀਰ ਵਿਚ ਹਾਲਤ ਵਿਗੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸਨਿਚਰਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਚਲ ਰਹੇ ਇਕ ਮੁਕਾਬਲੇ ਦੌਰਾਨ ਹੀ ਅੰਦਰ ਜਾਣ ਦੀ ਕੋਸ਼ਿਸ਼ ਕਰਨ.........

Situation worsened in Kashmir

ਸ੍ਰੀਨਗਰ : ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸਨਿਚਰਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਚਲ ਰਹੇ ਇਕ ਮੁਕਾਬਲੇ ਦੌਰਾਨ ਹੀ ਅੰਦਰ ਜਾਣ ਦੀ ਕੋਸ਼ਿਸ਼ ਕਰਨ ਵਾਲੀ ਭੜਕੀ ਹੋਈ ਭੀੜ 'ਤੇ ਸੁਰੱਖਿਆ ਬਲਾਂ ਨੇ ਕਥਿਤ ਤੌਰ 'ਤੇ ਗੋਲੀਆਂ ਚਲਾ ਦਿਤੀਆਂ, ਜਿਸ 'ਚ ਸੱਤ ਆਮ ਨਾਗਰਿਕਾਂ ਦੀ ਮੌਤ ਹੋ ਗਈ। ਇਸ ਮੁਕਾਬਲੇ 'ਚ ਤਿੰਨ ਅਤਿਵਾਦੀ ਵੀ ਮਾਰੇ ਗਏ ਅਤੇ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ। ਘਟਨਾ ਸਵੇਰੇ ਸਿਰਨੂ ਪਿੰਡ ਵਿਚ ਹੋਈ ਜਦੋਂ ਸੁਰੱਖਿਆ ਬਲਾਂ ਨੇ ਫ਼ੌਜ ਤੋਂ ਭੱਜੇ ਜ਼ਹੂਰ ਅਹਿਮਦ ਠੋਕਰ ਸਣੇ ਤਿੰਨ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ੁਫ਼ੀਆ ਰੀਪੋਰਟ ਦੇ ਆਧਾਰ 'ਤੇ ਇਲਾਕੇ ਦੀ ਘੇਰਾਬੰਦੀ ਕੀਤੀ।

ਅਧਿਕਾਰੀਆਂ ਅਨੁਸਾਰ ਗੋਲੀਬਾਰੀ ਤੋਂ ਬਾਅਦ ਕਈ ਆਮ ਨਾਗਰਿਕ ਜ਼ਖ਼ਮੀ ਹੋ ਗਏ ਜੋ ਬਾਅਦ 'ਚ ਮੁਕਾਬਲੇ 'ਚ ਬਦਲ ਗਈ। ਵੱਖਵਾਦੀਆਂ ਨੇ ਇਸ ਘਟਨਾ ਦੇ ਵਿਰੋਧ ਵਜੋਂ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਘਟਨਾ ਤੋਂ ਬਾਅਦ ਵਧਦੇ ਤਣਾਅ ਨੂੰ ਵੇਖਦਿਆਂ ਅਧਿਕਾਰੀਆਂ ਨੇ ਸ੍ਰੀਨਗਰ ਸਮੇਤ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ 'ਚ ਇੰਟਰਨੈੱਟ ਸੇਵਾ ਬੰਦ ਕਰ ਦਿਤੀ ਹੈ। ਜੰਮੂ-ਕਸ਼ਮੀਰ ਯੂਨਾਈਟਡ ਪੀਸ ਮੂਵਮੈਂਟ ਨੇ ਇਨ੍ਹਾਂ ਮੌਤਾਂ ਵਿਰੁਧ ਪ੍ਰਦਰਸ਼ਨ ਕੀਤਾ ਅਤੇ ਕਸ਼ਮੀਰ ਮੁੱਦੇ ਨੂੰ ਗੱਲਬਾਤ ਜ਼ਰੀਏ ਹੱਲ ਕਰਨ ਦੀ ਵਕਾਲਤ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਜੰਮੂ 'ਚ ਐਗਜ਼ੀਬੀਸ਼ਨ ਗਰਾਊਂਡ 'ਚ ਇਕੱਠੇ ਹੋ ਕੇ ਸ਼ਾਂਤਮਈ ਧਰਨਾ ਦਿਤਾ।  ਜਿਉਂ ਹੀ ਠੋਕੇਰ ਦੇ ਮੁਕਾਬਲੇ ਵਿਚ ਫਸੇ ਹੋਣ ਬਾਰੇ ਖ਼ਬਰ ਫੈਲੀ ਤਾਂ ਲੋਕਾਂ ਦੀ ਭੀੜ ਮੁਕਾਬਲਾ ਸਥਾਨ ਵਲ ਉਮੜ ਪਈ। ਠੋਕੇਰ ਇਸ ਪਿੰਡ ਦਾ ਹੀ ਸੀ। ਅਧਿਕਾਰੀਆਂ ਨੇ ਦਸਿਆ ਕਿ ਤਿੰਨ ਅਤਿਵਾਦੀਆਂ ਦੇ ਮਾਰੇ ਜਾਣ ਨਾਲ ਮੁਕਾਬਲਾ 25 ਮਿੰਟ ਵਿਚ ਖ਼ਤਮ ਹੋ ਗਿਆ ਪਰ ਸੁਰੱਖਿਆ ਬਲ ਉਦੋਂ ਮੁਸ਼ਕਲ ਵਿਚ ਪੈ ਗਏ ਜਦੋਂ ਲੋਕਾਂ ਨੇ ਸੈਨਾ ਦੀਆਂ ਗੱਡੀਆਂ 'ਤੇ ਚੜ੍ਹਨਾ ਸ਼ੁਰੂ ਕਰ ਦਿਤਾ।
ਉਨ੍ਹਾਂ ਦਸਿਆ ਕਿ ਲੋਕਾਂ ਨੂੰ ਚੇਤਾਵਨੀ ਦੇਣ ਲਈ ਹਵਾ ਵਿਚ ਗੋਲੀਆਂ ਵੀ ਚਲਾਈਆਂ ਗਈਆਂ

ਪਰ ਉਸ ਨਾਲ ਵੀ ਭੀੜ ਨਹੀਂ ਰੁਕੀ ਜਿਸ ਕਾਰਨ ਸੁਰੱਖਿਆ ਬਲਾਂ ਨੂੰ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਪਈਆਂ। ਘਟਨਾ ਵਿਚ ਸੱਤ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਇਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਠੋਕੇਰ ਪਿਛਲੇ ਸਾਲ ਜੁਲਾਈ ਵਿਚ ਉਤਰ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਗੰਟਮੁੱਲਾ ਇਲਾਕੇ ਵਿਚ ਸੈਨਾ ਦੀ ਸ਼ਾਖ਼ਾ ਤੋਂ ਲਾਪਤਾ ਹੋ ਗਿਆ ਸੀ। ਉਹ ਅਪਣੀ ਸਰਵਿਸ ਰਾਈਫ਼ਲ ਅਤੇ ਤਿੰਨ ਮੈਗਜ਼ੀਨ ਲੈ ਕੇ ਫ਼ਰਾਰ ਹੋ ਗਿਆ ਸੀ ਅਤੇ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੋ ਗਿਆ ਸੀ। 

ਸੁਰੱਖਿਆ ਬਲਾਂ ਨੇ ਕਿਹਾ ਕਿ ਉਹ ਪੁਲਵਾਮਾ ਜ਼ਿਲ੍ਹੇ ਵਿਚ ਕਈ ਹਤਿਆ ਵਿਚ ਸ਼ਾਮਲ ਸੀ। ਦੋ ਹੋਰ ਅਤਿਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਮੁਕਾਬਲੇ ਵਿਚ ਸੈਨਾ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਅਤੇ ਦੋ ਹੋਰ ਜਵਾਨਾਂ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦਖਣੀ ਕਸ਼ਮੀਰ ਦੇ ਚਾਰਾਂ ਜ਼ਿਲ੍ਹਿਆਂ ਵਿਚ ਮੋਬਾਈਲ ਇੰਟਰਨੈਟ ਸੁਵਿਧਾ ਬੰਦ ਕਰ ਦਿਤੀ ਹੈ।  (ਪੀਟੀਆਈ)