ਅਧਿਆਪਕ ਨੇ ਕੁੱਟ-ਕੁੱਟ ਜਾਨੋਂ ਮਾਰ ਦਿੱਤਾ 9 ਸਾਲਾ ਵਿਦਿਆਰਥੀ
ਬੱਚੇ ਨੂੰ ਸਾਥੀਆਂ ਨਾਲ ਖੇਡਦਾ ਦੇਖ ਗੁੱਸੇ 'ਚ ਆ ਗਿਆ ਅਧਿਆਪਕ
ਰੁੜਕੀ - ਰੁੜਕੀ ਨੇੜੇ ਭਗਵਾਨਪੁਰ ਵਿੱਚ ਚਾਰ ਦਿਨ ਪਹਿਲਾਂ ਇੱਕ 9 ਸਾਲਾਂ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਵਿਦਿਆਰਥੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਮਗਰੋਂ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੀੜਤ ਦੀ ਪਛਾਣ ਮੋਹ ਅਲੀ ਵਜੋਂ ਹੋਈ ਹੈ। ਉਹ ਭਗਵਾਨਪੁਰ ਦੇ ਰਹਿਮਾਨੀਆ ਮਦਰੱਸੇ (ਸਕੂਲ) ਵਿੱਚ ਤੀਜੀ ਜਮਾਤ ਦਾ ਵਿਦਿਆਰਥੀ ਸੀ। ਉਸ ਦੇ ਅਧਿਆਪਕ, 45 ਸਾਲਾ ਜ਼ੀਸ਼ਾਨ ਗਾਡਾ ਨੇ ਕਥਿਤ ਤੌਰ 'ਤੇ ਗੁੱਸੇ ਵਿੱਚ ਮੋਹ ਦਾ ਸਿਰ ਡੈਸਕ 'ਤੇ ਮਾਰਿਆ ਕਿਉਂਕਿ ਬੱਚਾ ਕਲਾਸ ਵਿੱਚ 'ਹੰਗਾਮਾ' ਕਰ ਰਿਹਾ ਸੀ।
ਬੱਚੇ ਦੇ ਕੰਨ ਅਤੇ ਨੱਕ ਵਿੱਚੋਂ ਖੂਨ ਨਿੱਕਲਦਾ ਦੇਖ ਕੇ ਉਸ ਦੇ ਪਰਿਵਾਰ ਵਾਲੇ ਬੱਚੇ ਨੂੰ ਇਲਾਜ ਲਈ ਪਹਿਲਾਂ ਸਹਾਰਨਪੁਰ ਅਤੇ ਫਿਰ ਚੰਡੀਗੜ੍ਹ ਲੈ ਗਏ।
ਹਾਲਾਂਕਿ ਬੁੱਧਵਾਰ ਰਾਤ ਨੂੰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਜ਼ੀਸ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਆਈ.ਪੀ.ਸੀ. ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਖ਼ਬਰਾਂ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਨੀਵਾਰ ਨੂੰ ਮੋਹ ਹੋਰ ਵਿਦਿਆਰਥੀਆਂ ਨਾਲ ਆਪਣੀ ਕਲਾਸ 'ਚ ਖੇਡ ਰਿਹਾ ਸੀ। ਹੰਗਾਮਾ ਸੁਣ ਕੇ ਜੀਸ਼ਾਨ ਕਲਾਸ ਰੂਮ 'ਚ ਆ ਗਿਆ ਅਤੇ ਮੋਹ ਦੇ ਥੱਪੜ ਮਾਰਨ ਦੇ ਨਾਲ ਨਾਲ ਉਸ ਦਾ ਸਿਰ ਡੈਸਕ ਅਤੇ ਬਲੈਕਬੋਰਡ 'ਤੇ ਵਾਰ-ਵਾਰ ਮਾਰਿਆ।
ਲੜਕੇ ਦੇ ਪਿਤਾ 45 ਸਾਲਾ ਸੂਫ਼ੀਆਨ ਅਹਿਮਦ ਨੇ ਕਿਹਾ, "ਉਸ ਦੇ ਨੱਕ ਅਤੇ ਕੰਨਾਂ ਵਿੱਚੋਂ ਖੂਨ ਵਹਿ ਰਿਹਾ ਸੀ। ਸਹਾਰਨਪੁਰ ਵਿੱਚ ਇਲਾਜ ਦੌਰਾਨ ਉਹ ਦਰਦ ਨਾਲ ਕੁਰਲਾ ਰਿਹਾ ਸੀ। ਬਾਅਦ ਵਿੱਚ, ਅਸੀਂ ਉਸ ਨੂੰ ਚੰਡੀਗੜ੍ਹ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।"
ਭਗਵਾਨਪੁਰ ਥਾਣੇ ਦੇ ਪੁਲਿਸ ਇੰਸਪੈਕਟਰ ਰਾਜੀਵ ਰੌਥਨ ਨੇ ਦੱਸਿਆ, "ਅਸੀਂ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਅਤੇ ਉਸਨੂੰ ਵੀਰਵਾਰ ਨੂੰ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।"