ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਸ਼ੇਅਰ ਗਿਰਵੀ ਰੱਖਣ ਨੂੰ ਹੋਏ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਟ ਏਅਰਵੇਜ਼ ਦੇ ਚੇਅਰਮੈਨ ਨੇ ਕਿਹਾ ਕਿ ਉਹ ਕੰਪਨੀ ਵਿਚ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਅਤੇ ਅਪਣੇ ਸਾਰੇ ਸ਼ੇਅਰ ਗਿਰਵੀ ਰੱਖਣ ਲਈ ਵਚਨਬੱਧ ਹਨ।

Chairman of Jet Airways Naresh Goyal

ਨਵੀਂ ਦਿੱਲੀ : ਘਾਟੇ ਨਾਲ ਜੂਝ ਰਹੀ ਦੇਸ਼ ਦੀ ਮੁੱਖ ਏਅਰਲਾਈਨ ਕੰਪਨੀ ਜੈਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਸ਼ੇਅਰ ਗਿਰਵੀ ਰੱਖ ਕੇ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹੋ ਗਏ ਹਨ। ਨਰੇਸ਼ ਗੋਇਲ ਦਾ ਕਹਿਣਾ ਹੈ ਕਿ ਉਹ ਏਅਰਲਾਈਨ ਵਿਚ ਇਸ ਸ਼ਰਤ ਨਾਲ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਨੂੰ ਤਿਆਰ ਹਨ ਕਿ ਉਹਨਾਂ ਦੀ ਹਿੱਸੇਦਾਰੀ 25 ਫ਼ੀ ਸਦੀ ਤੋਂ ਹੇਠਾਂ ਨਾ ਜਾਵੇ। ਗੋਇਲ ਨੇ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੂੰ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ।

ਗੋਇਲ ਦੀ ਇਹ ਪੇਸ਼ਕਸ਼ ਅਜਿਹੇ ਸਮੇਂ ਵਿਚ ਆਈ ਹੈ ਜਦਕਿ ਜੈਟ ਏਅਰਵੇਜ਼ ਦੇ ਰਣਨੀਤਕ ਹਿੱਸੇਦਾਰ ਇਤਿਹਾਦ ਨੇ ਕੁਝ ਸਖ਼ਤ ਸ਼ਰਤਾਂ ਲਗਾਈਆਂ ਹਨ। ਇਤਿਹਾਦ ਨੇ ਕਿਹਾ ਕਿ ਉਹ ਏਅਰਲਾਈਨ ਵਿਚ ਨਿਵੇਸ਼ ਕਰਨ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਗੋਇਲ ਇਸ 'ਤੇ ਅਪਣਾ ਨਿਯੰਤਰਣ ਛੱਡ ਦੇਣ। ਗੋਇਲ ਨੇ ਕਿਹਾ ਹੈ ਕਿ ਉਹ ਚਿੱਠੀ ਇਤਿਹਾਦ ਦੇ ਰਵੱਈਏ ਨੂੰ ਮੁੱਖ ਰਖੱਦੇ ਹੋਏ ਇਸ ਮੁੱਦੇ ਨੂੰ ਨਿਪਟਾਉਣ ਲਈ ਲਿਖ ਰਹੇ ਹਨ। ਉਹਨਾਂ ਕਿਹਾ ਕਿ ਏਅਰਲਾਈਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸ ਦਾ ਕੰਮਕਾਜ ਠੱਪ ਹੋਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।

ਜੈਟ ਏਅਰਵੇਜ਼ ਦੇ ਚੇਅਰਮੈਨ ਨੇ ਕਿਹਾ ਕਿ ਉਹ ਕੰਪਨੀ ਵਿਚ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਅਤੇ ਅਪਣੇ ਸਾਰੇ ਸ਼ੇਅਰ ਗਿਰਵੀ ਰੱਖਣ ਲਈ ਵਚਨਬੱਧ ਹਨ। ਉਹਨਾਂ ਚਿੱਠੀ ਵਿਚ ਲਿਖਿਆ ਹੈ ਕਿ ਉਹ ਇਹ ਨਿਵੇਸ਼ ਤਾਂ ਹੀ ਕਰਨਗੇ, ਜਦਕਿ ਉਹਨਾਂ ਦੀ ਹਿੱਸੇਦਾਰੀ 25 ਫ਼ੀ ਸਦੀ ਤੋਂ ਹੇਠਾਂ ਨਾ ਆਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਮੈਂ ਇਹ ਨਿਵੇਸ਼ ਨਹੀਂ ਕਰ ਪਾਵਾਂਗਾ ਅਤੇ ਨਾ ਹੀ ਅਪਣੇ ਸ਼ੇਅਰ ਗਿਰਵੀ ਰੱਖ ਸਕਾਂਗਾ।

ਜੇਕਰ  ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ ( ਸੇਬੀ ) ਮੈਨੂੰ ਛੋਟ ਦਿੰਦਾ ਹੈ ਤਾਂ ਮੈਂ ਅਪਣੀ ਹਿੱਸੇਦਾਰੀ 25 ਫ਼ੀ ਸਦੀ ਤੋਂ ਹੇਠਾਂ ਜਾਣ ਦੀ ਹਾਲਤ ਵਿਚ ਵਧਾ ਸਕਾਂ ਅਤੇ ਇਸ ਵਿਚ ਅਕਵਾਇਰ ਜ਼ਾਬਤਾ ਲਾਗੂ ਨਾ ਹੋਵੇ। ਦੱਸ ਦਈਏ ਕਿ ਜਦ ਕਿਸੇ ਇਕਾਈ ਦੀ ਸੂਚੀਬੱਧ ਕੰਪਨੀ ਵਿਚ ਹਿੱਸੇਦਾਰੀ ਨਿਰਧਾਰਤ ਹੱਦ ਤੋਂ ਹੇਠਾਂ ਜਾਂਦੀ ਹੈ ਤਾਂ ਸੇਬੀ ਦੇ ਅਕਵਾਇਰ ਜ਼ਾਬਤਾ ਅਧੀਨ ਖੁੱਲੀ ਪੇਸ਼ਕਸ਼ ਲਿਆਉਣ ਦੀ ਲੋੜ ਹੁੰਦੀ ਹੈ।