ਹੁਣ ਸਮੁੰਦਰ ਵਿਚ ਵੀ ਪਹੁੰਚਿਆ ਨਾਗਰਿਕਤਾ ਕਾਨੂੰਨ ਖਿਲਾਫ਼ ਵਿਰੋਧ ਪ੍ਰਦਰਸ਼ਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਰ ਪਾਸੇ ਵਿਰੋਧ ਪ੍ਰਦਰਸ਼ਨ ਜਾਰੀ ਹੈ।

Photo

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਰ ਪਾਸੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉੱਤਰ-ਪੂਰਬੀ ਸੂਬਿਆਂ ਤੋਂ ਲੈ ਕੇ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਵੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲੋਕ ਸਮੁੰਦਰ ਤੱਕ ਪਹੁੰਚ ਗਏ ਹਨ।

ਸਮੁੰਦਰ ਤੱਕ ਪਹੁੰਚੇ ਲੋਕਾਂ ਨੇ ਨਾਗਰਿਕਤਾ ਕਾਨੂੰਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਕਿਸ਼ਤੀ ਵਿਚ ਬੈਠ ਕੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ।

ਇਹ ਵੀਡੀਓ ਬਾਲੀਵੁੱਡ ਡਾਇਰੈਕਟਰ ਓਨਿਰ ਵੱਲੋਂ ਅਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤੀ ਗਈ ਹੈ। ਓਨਿਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਡਾਇਰੈਕਟਰ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਕਿਹਾ, ਤੇ ਹੁਣ ਸਮੁੰਦਰ ਦੁਆਰਾ...ਸੀਏਏ ਅਤੇ ਐਨਆਰਸੀ ਖਿਲਾਫ ਮੈਂਗਲੋਰ ਵਿਚ ਪ੍ਰਦਰਸ਼ਨ। ਲੋਕਾਂ ਦਾ ਉਤਸ਼ਾਹ ਕਾਫੀ ਜ਼ਬਰਦਸਤ ਹੈ’।

ਇਸ ਤੋਂ ਇਲਾਵਾ ਓਨਿਰ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋਏ ਇਕ ਹੋਰ ਪ੍ਰਦਰਸ਼ਨ ਦੀਆਂ ਵੀ ਕਈ ਫੋਟੋਆਂ ਸ਼ੇਅਰ ਕੀਤੀਆਂ। ਇਹਨਾਂ ਨੂੰ ਰੀਟਵੀਟ ਕਰਦੇ ਹੋਏ ਬਾਲੀਵੁੱਡ ਡਾਇਰੈਕਟਰ ਨੇ ਲਿਖਿਆ, ‘ਵਾਓ, ਇਕ ਭਾਰਤੀ ਹੋਣ ‘ਤੇ ਮਾਣ ਹੈ, ਇਹ ਹੈ ਸਾਡਾ ਰਾਸ਼ਟਰ’।

ਦੱਸ ਦਈਏ ਕਿ ਬਾਲੀਵੁੱਡ ਡਾਇਰੈਕਟਰ ਓਨਿਰ ਅਪਣੇ ਬੇਬਾਕ ਵਿਚਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹਮੇਸ਼ਾਂ ਚਰਚਾ ਵਿਚ ਰਹਿੰਦੇ ਹਨ। ਸਮਾਜਿਕ ਮੁੱਦਿਆਂ ‘ਤੇ ਹਮੇਸ਼ਾਂ ਅਪਣੇ ਸੁਝਾਅ ਦੇਣ ਵਾਲੇ ਓਨਿਰ ਕਈ ਵਾਰ ਚਰਚਿਤ ਮੁੱਦਿਆਂ ਨੂੰ ਲੈ ਕੇ ਪ੍ਰਸ਼ਾਸਨ ‘ਤੇ ਹਮਲੇ ਕਰਦੇ ਰਹਿੰਦੇ ਹਨ। ਓਨਿਰ ਹੁਣ ਤੱਕ ਬਾਲੀਵੁੱਡ ਦੀਆਂ ਕਈ ਮਸਹੂਰ ਫਿਲਮਾਂ ਬਣਾ ਚੁੱਕੇ ਹਨ।