ਸੋਨੇ ਦੇ ਗਹਿਣਿਆਂ 'ਤੇ ਵੀ ਪਈ ਸਰਕਾਰ ਦੀ 'ਸਵੱਲੀ ਨਜ਼ਰ', ਸੁਨਿਆਰਿਆਂ 'ਚ ਹੜਕੰਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਗਹਿਣਿਆਂ ਤੇ ਹੋਰ ਵਸਤਾਂ 'ਤੇ ਹਾਲਮਾਰਕਿੰਗ ਲਾਜ਼ਮੀ ਕਰਾਰ

file photo

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਚੁੱਕੇ ਜਾ ਰਹੇ 'ਦਲੇਰਾਨਾ' ਕਦਮਾਂ ਦੀ ਰਫ਼ਤਾਰ ਅਜੇ ਨੇੜ-ਭਵਿੱਖ ਵਿਚ ਮੱਠੀ ਪੈਂਦੀ ਨਜ਼ਰ ਨਹੀਂ ਆ ਰਹੀ। ਕੇਂਦਰ ਵਲੋਂ ਪਹਿਲਾਂ ਚੁੱਕੇ ਗਏ ਨੋਟਬੰਦੀ ਅਤੇ ਜੀਐਸਟੀ ਵਰਗੇ ਕਦਮਾਂ ਦੀ ਥਰਥਰਾਹਟ ਅਜੇ ਮੱਠੀ ਹੀਂ ਪਈ ਸੀ ਕਿ ਹੁਣ ਸਰਕਾਰ ਨੇ ਸੋਨੇ ਦੇ ਗਹਿਣੇ ਅਤੇ ਹੋਰ ਵਸਤਾਂ ਦੀ ਖ਼ਰੀਦੋ-ਫਰੋਖਣ ਵੱਲ ਅਪਣੀ ਸਵੱਲੀ ਨਜ਼ਰੇ-ਨਿਗਾਹ ਕਰ ਲਈ ਹੈ।

ਸਰਕਾਰ ਦੇ ਨਵੇਂ ਚੁੱਕੇ ਗਏ ਕਦਮ ਤਹਿਤ ਹੁਣ ਦੇਸ਼ ਅੰਦਰ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਹੋਰ ਵਸਤਾਂ 'ਤੇ ਹਾਲਮਾਰਕਿੰਗ ਜ਼ਰੂਰੀ ਕਰਾਰ ਦੇ ਦਿਤੀ ਗਈ ਹੈ। ਇਸ ਦੇ ਨਿਯਮਾਂ ਸਬੰਧੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿਤਾ ਗਿਆ ਹੈ। ਇਹ ਨਵੇਂ ਨਿਯਮ 15 ਜਨਵਰੀ 2021 ਤੋਂ ਲਾਗੂ ਹੋਣ ਜਾ ਰਹੇ ਹਨ।

ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਮੁਤਾਬਕ ਕੇਵਲ ਰਜਿਸਟਰਡ ਜਿਊਲਰਜ਼ ਹੀ ਹਾਲਮਾਰਕ ਵਾਲੀਆਂ ਸੋਨੇ ਦੀਆਂ ਵਸਤਾਂ ਵੇਚਣ ਸਕਣਗੇ। ਜਿਊਲਰਜ਼ ਵਲੋਂ ਹੁਣ ਸਿਰਫ਼ ਤਿੰਨ ਵੰਨਗੀਆਂ ਵਾਲਾ ਸੋਨਾ ਹੀ ਵੇਚਿਆ ਜਾ ਸਕੇਗਾ, ਜਿਸ ਵਿਚ 14, 18 ਤੇ 22 ਕੈਰੇਟ ਸ਼ਾਮਲ ਹੈ।

ਬੇਸ਼ੱਕ ਇਸ ਬਾਰੇ ਅਜੇ ਪੂਰੇ ਵੇਰਵੇ ਸਾਹਮਣੇ ਆਉਣੇ ਬਾਕੀ ਹਨ ਪਰ ਇਹ ਤਕਰੀਬਨ ਤਹਿ ਹੀ ਮੰਨਿਆ ਜਾ ਰਿਹਾ ਹੈ ਕਿ ਹੁਣ ਜਣਾ-ਖਣਾ ਸੋਨੇ ਦੇ ਗਹਿਣੇ ਵੇਚਣ ਦਾ ਧੰਦਾ ਨਹੀਂ ਕਰ ਸਕੇਗਾ। ਸਰਕਾਰ ਦੇ ਇਸ ਕਦਮ ਤੋਂ ਬਾਅਦ ਸੁਨਿਆਰਿਆਂ ਖ਼ਾਸ ਕਰ ਕੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਛੋਟੇ ਦੁਕਾਨਦਾਰਾਂ ਅੰਦਰ ਹੜਕੰਮ ਮੱਚਿਆ ਹੋਇਆ ਹੈ।

ਇਨ੍ਹਾਂ ਸੁਨਿਆਰਿਆਂ ਨੂੰ ਹੁਣ ਅਪਣੇ ਕਾਰੋਬਾਰ ਤੋਂ ਹੱਥ ਧੋਣ ਦਾ ਫ਼ਿਕਰ ਸਤਾ ਰਿਹਾ ਹੈ। ਅੰਕੜਿਆਂ ਮੁਤਾਬਕ ਇਸ ਸਮੇਂ ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਅੰਦਰ ਵੱਡੀ ਗਿਣਤੀ ਗਹਿਣੇ ਬਣਾਉਣ ਤੇ ਵੇਚਣ ਦਾ ਕੰਮ ਕਰਨ ਵਾਲੇ ਗ਼ੈਰ ਰਜਿਸਟਰਡ ਛੋਟੇ ਸੁਨਿਆਰੇ ਹੀ ਹਨ। ਨਵੇਂ ਨਿਯਮਾਂ ਮੁਤਾਬਕ ਇਨ੍ਹਾਂ ਸਭਨਾਂ ਨੂੰ ਹੁਣ ਅਪਣੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ ਜੋ ਜੇਕਰ ਨਾਮੁਮਕਿਨ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ।