ਮੋਦੀ ਨੇ ਐਮਾਜ਼ੋਨ ਦੇ ਸੀਈਓ ਨੂੰ ਮਿਲਣ ਲਈ ਨਹੀਂ ਦਿੱਤਾ ਸਮਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਫ ਬੇਜੋਸ ਦੀ ਭਾਰਤ ਯਾਤਰਾ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਕਿ ਉਹਨਾਂ ਨੇ ਇਸ ਦੌਰਾਨ ਮੋਦੀ ਸਰਕਾਰ ਦੇ ਕਿਸੇ ਵੀ ਵਿਅਕਤੀ ਨਾਲ ਮੁਲਾਕਾਤ ਨਹੀਂ ਕੀਤੀ।

Photo

ਨਵੀਂ ਦਿੱਲੀ: 115 ਬਿਲੀਅਨ ਡਾਲਰ ਦੀ ਅਨੁਮਾਨਤ ਜਾਇਦਾਦ ਦੇ ਨਾਲ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਅਤੇ ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਫ ਬੇਜੋਸ ਤਿੰਨ ਦਿਨ ਦੇ ਭਾਰਤ ਦੌਰੇ ‘ਤੇ ਸੀ। ਹੁਣ ਉਹ ਅਪਣੇ ਦੇਸ਼ ਵਾਪਸ ਪਰਤ ਚੁੱਕੇ ਹਨ। ਇਹਨਾਂ ਤਿੰਨ ਦਿਨਾਂ ਦੌਰਾਨ ਬੇਜੋਸ ਨੇ ਮੁੰਬਈ ਦੇ ਦਿੱਗਜ਼ ਕਾਰੋਬਰੀਆਂ ਅਤੇ ਕਈ ਵੱਡੇ ਬਾਲੀਵੁੱਡ ਸਿਤਾਰਿਆਂ ਨਾਲ ਵੀ ਮੁਲਾਕਾਤ ਕੀਤੀ।

ਜੇਫ ਬੇਜੋਸ ਦੀ ਭਾਰਤ ਯਾਤਰਾ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਕਿ ਉਹਨਾਂ ਨੇ ਇਸ ਦੌਰਾਨ ਮੋਦੀ ਸਰਕਾਰ ਦੇ ਕਿਸੇ ਵੀ ਵਿਅਕਤੀ ਨਾਲ ਮੁਲਾਕਾਤ ਨਹੀਂ ਕੀਤੀ। ਸੂਤਰਾਂ ਅਨੁਸਾਰ ਐਮਾਜ਼ੋਨ ਦੇ ਸੀਈਓ ਪੀਐਮ ਮੋਦੀ ਨੂੰ ਮਿਲਣਾ ਚਾਹੁੰਦੇ ਸੀ ਪਰ ਉਹਨਾਂ ਦੀ ਅਪੁਆਇੰਟਮੈਂਟ ਨੂੰ ਤਰਜੀਹ ਨਹੀਂ ਦਿੱਤੀ ਗਈ।

ਸੂਤਰਾਂ ਅਨੁਸਾਰ ਸਰਕਾਰੀ ਅਧਿਕਾਰੀਆਂ ਨੇ ਇਸ ਬਾਰੇ ਕਿਹਾ ਕਿ ਜੇਫ ਬੇਜੋਸ ਨੂੰ ਮਿਲਣਾ ਮੋਦੀ ਸਰਕਾਰ ਦੀ ਮਜ਼ਬੂਰੀ ਨਹੀਂ ਮੰਨਿਆ ਜਾ ਸਕਦਾ। ਨਿਊਜ਼ ਏਜੰਸੀ ਅਨੁਸਾਰ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮੁਲਾਕਾਤ ਦੇ ਸੰਭਵ ਨਾ ਹੋਣ ਪਿੱਛੇ ਦੁਨੀਆਂ ਦੀ ਸਭ ਤੋਂ ਦਿੱਗਜ਼ ਕੰਪਨੀ ਐਮਾਜ਼ੋਨ ਦਾ ਵਿਵਾਦਾਂ ਵਿਚ ਰਹਿਣਾ ਹੈ।

Competition Commission of India ਭਾਰਤ ਵਿਚ ਐਮਾਜ਼ਨ ਅਤੇ ਵਾਲਮਾਰਟ ਦੀ ਹਿੱਸੇਦਾਰੀ ਵਾਲੀ ਕੰਪਨੀ ਫਲਿੱਪਕਾਰਟ ਦੀ ਜਾਂਚ ਕਰ ਰਿਹਾ ਹੈ। ਇਸ ਜਾਂਚ ਦਾ ਮਕਸਦ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਭਾਰੀ ਡਿਸਕਾਊਂਟ ਅਤੇ ਐਕਸਕਲੂਸਿਵ ਪ੍ਰੋਡਕਟਸ ਅਤੇ ਖਰੀਦਦਾਰਾਂ ਨੂੰ ਤਰਜੀਹ ਦਿੱਤੇ ਜਾਣ ਨਾਲ ਜੁੜਿਆ ਹੈ।ਐਮਾਜ਼ੋਨ ਕੰਪਨੀ ਅਮਰੀਕਾ ਅਤੇ ਯੂਰੋਪ ਵਿਚ ਵੀ ਇਸੇ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ।

ਇਸ ਦੇ ਨਾਲ ਹੀ ਇਸ ਮੁਲਾਕਾਤ ਦੇ ਨਾ ਹੋਣ ਪਿੱਛੇ ਇਕ ਹੋਰ ਵੱਡਾ ਕਾਰਨ ਸਾਹਮਣੇ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਐਮ ਮੋਦੀ ਦੇ ਬੇਜੋਸ ਨੂੰ ਨਾ ਮਿਲਣ ਨੂੰ ਐਮਾਜ਼ੋਨ ਦੀ ਮਲਕੀਅਤ ਵਾਲੇ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਵਿਚ ਸਰਕਾਰ ਵਿਰੋਧੀ ਲੇਖਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਵਾਸ਼ਿੰਗਟਨ ਪੋਸਟ ਵਿਚ ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕਰਨ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸਰਕਾਰ ਵਿਰੋਧੀ ਲੇਖ ਛਪੇ ਸੀ। ਭਾਜਪਾ ਦੇ ਕਈ ਨੇਤਾਵਾਂ ਨੇ ਟਵਿਟਰ ‘ਤੇ ‘ਵਾਸ਼ਿੰਗਟਨ ਪੋਸਟ’ ਦੇ ਇਹਨਾਂ ਲੇਖਾਂ ਦੀ ਨਿੰਦਾ ਕੀਤੀ ਸੀ।