ਦੂਜੀ ਤੇਜਸ ਐਕਸਪ੍ਰੈਸ ਨੇ ਵੀ ਫੜੀ ਰਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ ਤੋਂ ਮੁੰਬਈ ਲਈ ਹੋਈ ਰਵਾਨਾ

file photo

ਨਵੀਂ ਦਿੱਲੀ : ਅਹਿਮਦਾਬਾਦ-ਮੁੰਬਈ ਵਿਚਕਾਰ ਚੱਲਣ ਵਾਲੀ ਆਈਆਰਸੀਟੀਸੀ ਦੀ ਦੂਜੀ ਤੇਜਸ ਟ੍ਰੇਨ ਵੀ ਸ਼ੁੱਕਰਵਾਰ ਨੂੰ ਚਾਲੂ ਹੋ ਗਈ ਹੈ।  ਰੇਲਵੇ ਮੰਤਰੀ ਪਿਯੂਸ਼ ਗੋਇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਭਾਰਤੀ ਰੇਲਵੇ ਦੀ ਸਹਿਯੋਗੀ ਕੰਪਨੀ ਆਈਆਰਸੀਟੀਸੀ ਦੀ ਦੂਜੀ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਆਈਆਰਸੀਟੀਸੀ ਇਸ ਸਮੇਂ ਲਖਨਊ-ਨਵੀਂ ਦਿੱਲੀ ਮਾਰਗ 'ਤੇ ਪ੍ਰਾਈਵੇਟ ਤੇਜਸ ਟ੍ਰੇਨ ਚਲਾ ਰਹੀ ਹੈ।

ਰੇਲਵੇ ਅਧਿਕਾਰੀਆਂ ਨੇ ਦਸਿਆ ਕਿ ਦੂਜੀ ਤੇਜਸ ਵਪਾਰਕ ਤੌਰ 'ਤੇ 19 ਜਨਵਰੀ 2020 ਤੋਂ ਅਹਿਮਦਾਬਾਦ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਲਈ ਟਿਕਟਾਂ ਆਈਆਰਸੀਟੀਸੀ ਦੀ ਵੈਬਸਾਈਟ 'ਤੇ ਆਨ ਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਸ ਦੀਆਂ ਟਿਕਟਾਂ ਰੇਲਵੇ ਰਿਜ਼ਰਵੇਸ਼ਨ ਕਾਊਟਰਾਂ 'ਤੇ ਉਪਲਬਧ ਨਹੀਂ ਹੋਣਗੀਆਂ। ਆਈਆਰਸੀਟੀਸੀ ਦੇ ਆਨਲਾਈਨ ਟਰੈਵਲ ਪੋਰਟਲ ਸਹਿਭਾਗੀਆਂ ਜਿਵੇਂ ਕਿ ਪੇਟੀਐਮ, ਇਕਸੀਗੋ, ਫੋਨਪੇਅ, ਮੇਕ ਮਾਈ ਟਰਿੱਪ, ਗੂਗਲ, ਗੋਇਬੀਬੋ, ਰੇਲ ਯਾਤਰੀ ਅਤੇ ਹੋਰ ਮਾਧਿਅਮ ਦੁਆਰਾ ਵੀ ਇਸ ਟ੍ਰੇਨ ਦੀਆਂ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਰੋਜ਼ਾਨਾ ਚੱਲਣ ਦੌਰਾਨ ਅਹਿਮਦਾਬਾਦ-ਮੁੰਬਈ ਸੈਂਟਰਲ ਤੇਜਸ ਐਕਸਪ੍ਰੈਸ ਟ੍ਰੇਨ ਦੀ ਸੰਖਿਆ 82902 ਹੋਵੇਗੀ। ਜੋ ਸਵੇਰੇ 06.40 ਵਜੇ ਅਹਿਮਦਾਬਾਦ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 01.10 ਵਜੇ ਮੁੰਬਈ ਸੈਂਟਰਲ ਪਹੁੰਚੇਗੀ। ਵਾਪਸੀ ਵਿਚ ਇਸ ਟ੍ਰੇਨ ਦੀ ਸੰਖਿਆ 82901 ਹੋਵੇਗੀ ਜਿਹੜੀ ਕਿ ਮੁੰਬਈ ਸੈਂਟਰਲ ਤੋਂ ਬਾਅਦ ਦੁਪਹਿਰ 03.40 ਵਜੇ ਰਵਾਨਾ ਹੋਏਗੀ ਅਤੇ ਸਵੇਰੇ 09.55 ਵਜੇ ਅਹਿਮਦਾਬਾਦ ਪਹੁੰਚੇਗੀ।

ਰਸਤੇ ਵਿਚ ਇਹ ਟ੍ਰੇਨ ਨਡੀਆਡ, ਵਡੋਦਰਾ, ਭਰੂਚ, ਸੂਰਤ, ਵਾਪੀ ਅਤੇ ਬੋਰੀਵਲੀ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ। ਟ੍ਰੇਨ ਹਫਤੇ ਵਿਚ ਛੇ ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਚਲਾਈ ਜਾਏਗੀ। ਇਹ ਟ੍ਰੇਨ ਵੀਰਵਾਰ ਨੂੰ ਨਹੀਂ ਚੱਲੇਗੀ।

ਅਹਿਮਦਾਬਾਦ ਤੋਂ ਮੁੰਬਈ ਵਿਚਕਾਰ ਐਗਜ਼ੀਕਿਊਟਿਵ ਕੁਰਸੀ (ਚੇਅਰ) ਕਾਰ ਦਾ ਕਿਰਾਇਆ 2384 ਰੁਪਏ ਹੈ। ਇਸ 'ਚ 1875 ਰੁਪਏ ਦਾ ਬੇਸ ਫੇਅਰ, ਜੀਐਸਟੀ 94 ਰੁਪਏ ਅਤੇ ਕੈਟਰਿੰਗ ਚਾਰਜ 415 ਰੁਪਏ ਸ਼ਾਮਲ ਹਨ। ਇਸ ਦੇ ਨਾਲ ਹੀ ਏ.ਸੀ. ਚੇਅਰ ਕਾਰ ਦਾ ਕਿਰਾਇਆ 1289 ਰੁਪਏ ਹੋਵੇਗਾ, ਜਿਸ 'ਚ ਬੇਸ ਫੇਅਰ 870 ਰੁਪਏ, ਜੀਐਸਟੀ 44 ਰੁਪਏ ਅਤੇ ਕੈਟਰਿੰਗ ਚਾਰਜ 375 ਰੁਪਏ ਸ਼ਾਮਲ ਹਨ।