ਪੂਰੇ ਦੇਸ਼ ’ਚ ਪੰਚਾਇਤਾਂ ਕਰ ਕੇ ਖੇਤੀ ਕਾਨੂੰਨਾਂ ਵਿਰੁਧ ਲੋਕਾਂ ਨੂੰ ਜਾਗਰੁਕ ਕਰਾਂਗੇ : ਚੜੂਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਲੋਕਾਂ ਦੀ ਨਹੀਂ ਬਲਕਿ ਕਾਰਪੋਰੇਟ ਜਗਤ ਦੀ ਸਰਕਾਰ ਹੈ

Gurnam Singh Chaduni

ਸੰਭਲ (ਉਤਰ ਪ੍ਰਦੇਸ਼) : ਪੰਜਾਬ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬੁਧਵਾਰ ਨੂੰ ਨਵੇਂ ਖੇਤੀ ਕਾਨੂੰਨਾਂ ਵਿਰੁਧ ਪੂਰੇ ਦੇਸ਼ ’ਚ ਥਾਂ-ਥਾਂ ਪੰਚਾਇਤਾਂ ਕਰ ਕੇ ਆਮ ਲੋਕਾਂ ਨੂੰ ਜਾਗਰੁਕ ਕਰਨ ਦਾ ਐਲਾਨ ਕੀਤਾ। ਕਿਸਾਨ ਪੰਚਾਇਤ ’ਚ ਸ਼ਿਰਕਤ ਲਈ ਮੁਰਾਦਾਬਾਦ ਜਾਂਦੇ ਸਮੇਂ ਰਾਸਤੇ ਵਿਚ ਸੰਭਲ ਦੇ ਗੇਲੁਆ ਪਿੰਡ ’ਚ ਰੁਕੇ ਚੜੂਨੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ’ਤੇ ਥੋਪਣ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਲੋਕਾਂ ਦੀ ਨਹੀਂ ਬਲਕਿ ਕਾਰਪੋਰੇਟ ਜਗਤ ਦੀ ਸਰਕਾਰ ਹੈ ਅਤੇ ਇਸ ਦਾ ਮੁਕਾਬਲਾ ਜਨਤਾ ਹੀ ਕਰ ਸਕਦੀ ਹੈ। 

ਉਨ੍ਹਾਂ ਕਿਹਾ, ‘‘ਅਸੀਂ ਪੂਰੇ ਦੇਸ਼ ’ਚ ਥਾਂ-ਥਾਂ ਪੰਚਾਇਤਾਂ ਕਰਾਂਗੇ। ਪੰਚਾਇਤਾਂ ਉਨ੍ਹਾਂ ਇਲਾਕਿਆਂ ’ਚ ਹੋਣਗੀਆਂ ਜਿਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਘੱਟ ਜਾਗਰੁਕ ਹਨ। ਹੁਣ ਅਸੀਂ ਆਮ ਲੋਕਾਂ ਨੂੰ ਇਸ ਅੰਦੋਲਨ ਨਾਲ ਜੋੜਾਂਗੇ ਅਤੇ ਹਰ ਨਾਗਰਿਕ ਨੂੰ ਜਗਾਉਣ ਦਾ ਕੰਮ ਕਰਾਂਗੇ।’’

ਚੜੂਨੀ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਪੂਰੇ ਦੇਸ਼ ਦਾ ਖੇਤੀ ਖੇਤਰ ਕਾਰਪੋਰੇਟ ਪੱਖਾਂ ਨੂੰ ਦੇਣ ਦਾ ਇਰਾਦਾ ਕੀਤਾ ਹੈ ਪਰ ਖੇਤ ਕਿਸਾਨੀ ਸਾਡੇ ਦੇਸ਼ ਦੇ ਕਿਸਾਨਾਂ ਦੀ ਅਮਾਦਨ ਹੈ, ਕਾਰੋਬਾਰ ਨਹੀਂ।

ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਦੇਸ਼ ਦਾ ਭੋਜਨ ਉਦਯੋਗਪਤੀਆਂ ਦੇ ਗੋਦਾਮਾਂ ’ਚ ਚਲਾ ਜਾਵੇਗਾ ਅਤੇ ਉਹ ਉਸ ਦੀ ਕਾਲਾਬਾਜ਼ਾਰੀ ਕਰਨਗੇ। ਪਹਿਲਾਂ ਦਾਲ, ਆਲੂ ਅਤੇ ਪਿਆਜ਼ ਦੀ ਕਾਲਾਬਾਜ਼ਾਰੀ ਹੋਈ, ਉਸੇ ਤਰ੍ਹਾਂ ਹੁਣ ਹਰ ਚੀਜ਼ੀ ਦੀ ਕਾਲਾਬਾਜ਼ਾਰੀ ਹੋਣ ਲਗੇਗੀ। ਇਸ ਨੂੰ ਹਰ ਹਾਲ ਵਿਚ ਰੋਕਣਾ ਹੋਵੇਗਾ।