ਕਰਨਾਟਕਾ 'ਚ ਵੀ ਬਣੇਗਾ 'ਸ਼ਾਨਦਾਰ' ਰਾਮ ਮੰਦਰ : ਮੁੱਖ ਮੰਤਰੀ ਬੋਮਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਖੋ-ਵੱਖ ਮੰਦਰਾਂ ਤੇ ਮੱਠਾਂ ਦੇ ਵਿਕਾਸ ਲਈ 1 ਹਜ਼ਾਰ ਕਰੋੜ ਰੁਪਏ ਅਲੱਗ ਤੋਂ 

Image

 

ਬੈਂਗਲੁਰੂ - ਕਰਨਾਟਕਾ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਦੇ ਰਾਮਨਗਰ ਜ਼ਿਲ੍ਹੇ ਵਿੱਚ ਰਾਮਦੇਵਰਾ ਬੇਟਾ (ਪਹਾੜੀ) ਉੱਤੇ ਇੱਕ ‘ਸ਼ਾਨਦਾਰ’ ਰਾਮ ਮੰਦਰ ਬਣਾਇਆ ਜਾਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਪਲ ਜ਼ਿਲ੍ਹੇ ਵਿੱਚ ਅੰਜਨਾਦਰੀ ਪਹਾੜੀ ਲਈ ਬਿਹਤਰ ਸੈਰ-ਸਪਾਟਾ ਸਹੂਲਤਾਂ ਪੈਦਾ ਕੀਤੀਆਂ ਜਾਣਗੀਆਂ, ਅਤੇ ਵੱਖ-ਵੱਖ ਕੰਮਾਂ ਲਈ 100 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਵਾਲੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਟੈਂਡਰ ਮੰਗੇ ਗਏ ਹਨ।

ਅੰਜਨਾਦਰੀ ਪਹਾੜੀ ਨੂੰ ਭਗਵਾਨ ਹਨੂੰਮਾਨ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ।

ਬੋਮਈ ਨੇ ਇਹ ਵੀ ਕਿਹਾ ਕਿ ਸਰਕਾਰ ਅਗਲੇ ਦੋ ਸਾਲਾਂ ਵਿੱਚ ਵੱਖ-ਵੱਖ ਮੰਦਰਾਂ ਅਤੇ ਮੱਠਾਂ ਦੇ ਵਿਕਾਸ ਤੇ ਮੁਰੰਮਤ ਲਈ 1,000 ਕਰੋੜ ਰੁਪਏ ਖ਼ਰਚ ਕਰੇਗੀ।

ਉਨ੍ਹਾਂ ਕੋਲ ਵਿੱਤ ਵਿਭਾਗ ਵੀ ਹੈ। ਵਿਧਾਨ ਸਭਾ ਵਿੱਚ 2023-24 ਦਾ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ, "ਰਾਮਨਗਰ ਵਿੱਚ ਰਾਮਦੇਵਰਾ ਬੇਟਾ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ।"

ਰਾਮਨਗਰ ਵੋਕਾਲਿਗਾ ਦੇ ਦਬਦਬੇ ਵਾਲੇ ਪੁਰਾਣੇ ਮੈਸੂਰ ਖੇਤਰ ਦਾ ਹਿੱਸਾ ਹੈ, ਅਤੇ ਇਹ ਭਾਜਪਾ ਦਾ ਗੜ੍ਹ ਨਹੀਂ ਹੈ। ਕਰਨਾਟਕਾ ਵਿੱਚ ਇਸ ਸਾਲ ਮਈ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਰਾਮਨਗਰ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਸੀ. ਐਨ. ਅਸ਼ਵਥ ਨਰਾਇਣ ਨੇ ਪਿਛਲੇ ਸਾਲ ਦਸੰਬਰ ਵਿੱਚ ਬੋਮਈ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਦੀ ਤਰਜ਼ 'ਤੇ ਰਾਮਦੇਵਰਾ ਬੇਟਾ ਵਿਖੇ ਇੱਕ ਮੰਦਰ ਦੇ ਨਿਰਮਾਣ ਲਈ ਇੱਕ ਵਿਕਾਸ ਕਮੇਟੀ ਬਣਾਉਣ ਦੀ ਅਪੀਲ ਕੀਤੀ ਸੀ।

ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਰਾਮਦੇਵਰਾ ਬੇਟਾ ਨੂੰ ‘ਦੱਖਣੀ ਭਾਰਤ ਦੀ ਅਯੁੱਧਿਆ’ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ।