ਕਾਂਗਰਸ ’ਚ ਬਦਲਾਅ ਦੀ ਲੋੜ ਪਰ ਗਾਂਧੀ ਪਰਿਵਾਰ ਬਿਨ੍ਹਾਂ ਨਹੀਂ- ਸੁਨੀਲ ਜਾਖੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਨੀਲ ਜਾਖੜ ਨੇ ਸੂਬੇ ਦੀ ਮਾੜੀ ਕਾਰਗੁਜ਼ਾਰੀ ਲਈ ਸੂਬਾ ਇਕਾਈ ਦੇ ਕਈ ਆਗੂਆਂ ਦੇ ਨਾਲ-ਨਾਲ ਗਾਂਧੀ ਪਰਿਵਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

Sunil Jakhar

 

ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਇਕ ਨਿੱਜੀ ਵੈੱਬਸਾਈਟ ਨਾਲ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਿਚ ਬਦਲਾਅ ਦੀ ਲੋੜ ਹੈ ਪਰ ਗਾਂਧੀ ਪਰਿਵਾਰ ਤੋਂ ਬਿਨ੍ਹਾਂ ਨਹੀਂ। ਹਾਲਾਂਕਿ ਉਹਨਾਂ ਸਵੀਕਾਰ ਕੀਤਾ ਕਿ ਕਾਂਗਰਸ ਵਿਚ ਸੰਗਠਨਾਤਮਕ ਪੱਧਰ 'ਤੇ ਬਦਲਾਅ ਕੀਤੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹ 'ਚੰਨੀ ਵਾਲੀ ਸਥਿਤੀ' ਦੁਬਾਰਾ ਨਹੀਂ ਚਾਹੁੰਦੇ ਜਿੱਥੇ ਤੁਸੀਂ ਜੋ ਬਦਲਾਅ ਕੀਤੇ, ਉਹ ਪਹਿਲਾਂ ਨਾਲੋਂ ਵੀ ਮਾੜੇ ਹੋਣ।

Sunil Jakhar

ਉਹਨਾਂ ਕਿਹਾ, “ਮੈਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਬਿਨ੍ਹਾਂ ਕਾਂਗਰਸ ਦੀ ਕਲਪਨਾ ਵੀ ਨਹੀਂ ਕਰ ਸਕਦਾ। ਕਾਂਗਰਸ ਵਿਚ ਬਦਲਾਅ ਦੀ ਲੋੜ ਹੈ ਪਰ ਗਾਂਧੀ ਪਰਿਵਾਰ ਤੋਂ ਬਿਨ੍ਹਾਂ ਨਹੀਂ”। 'ਚੰਨੀ ਵਾਲੀ ਹਾਲਤ' ਤੋਂ ਉਹਨਾਂ ਦਾ ਮਤਲਬ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੀ ਸਥਿਤੀ ਸੀ। ਪਿਛਲੇ ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਸੀ। ਉਹਨਾਂ ਕਿਹਾ, "ਉਤਰਾਧਿਕਾਰੀ ਚੁਣਨ ਲਈ ਸਹੀ ਯੋਜਨਾ ਮਹੱਤਵਪੂਰਨ ਹੈ, ਚੁਣਿਆ ਗਿਆ ਨੇਤਾ ਭਰੋਸੇਯੋਗ ਹੋਣਾ ਚਾਹੀਦਾ ਹੈ"।

Gandhi Family

ਸੁਨੀਲ ਜਾਖੜ ਨੇ ਸੂਬੇ ਦੀ ਮਾੜੀ ਕਾਰਗੁਜ਼ਾਰੀ ਲਈ ਸੂਬਾ ਇਕਾਈ ਦੇ ਕਈ ਆਗੂਆਂ ਦੇ ਨਾਲ-ਨਾਲ ਗਾਂਧੀ ਪਰਿਵਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਸਾਲ 2017 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਜਿੱਤਣ ਵਿਚ ਕਾਮਯਾਬ ਰਹੀ ਸੀ। ਉਹਨਾਂ ਅਨੁਸਾਰ ਗਾਂਧੀ ਪਰਿਵਾਰ  "ਲੋਕਾਂ ਦੇ ਚਰਿੱਤਰ ਨੂੰ ਨਹੀਂ ਸਮਝਦਾ... ਉਹਨਾਂ ਨੇ ਹਰੀਸ਼ ਰਾਵਤ ਅਤੇ ਚਰਨਜੀਤ ਸਿੰਘ ਚੰਨੀ 'ਤੇ ਭਰੋਸਾ ਕੀਤਾ  ਪਰ ਪਾਰਟੀ ਨੂੰ ਏਕਤਾ ਬਣਾਈ ਰੱਖਣ ਲਈ ਉਹਨਾਂ ਨੂੰ ਜੋੜ ਕੇ ਰੱਖਣ ਦੀ ਲੋੜ ਹੈ”। ਹਾਰ ਲਈ ਚਰਨਜੀਤ ਸਿੰਘ ਚੰਨੀ, ਹਰੀਸ਼ ਰਾਵਤ, ਨਵਜੋਤ ਸਿੱਧੂ ਅਤੇ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਜਾਖੜ ਨੇ ਕਿਹਾ ਕਿ 'ਕਾਂਗਰਸ ਮਜ਼ਾਕ ਬਣ ਕੇ ਰਹਿ ਗਈ ਹੈ।' ਸੁਨੀਲ ਜਾਖੜ ਨੇ ਪੰਜਾਬ ਚੋਣਾਂ ਦੇ ਨਤੀਜਿਆਂ ਨੂੰ ਬਦਲਾਅ ਲਈ ਵੋਟ ਅਤੇ ਕਾਂਗਰਸ ਵਿਰੁੱਧ ਵੋਟ ਦੱਸਿਆ।

Sunil Jakhar

ਉਹਨਾਂ ਕਿਹਾ, 'ਅਸੀਂ ਬਿਮਾਰੀ ਦਾ ਪਤਾ ਲਗਾਇਆ ਪਰ ਦਵਾਈ ਬਿਮਾਰੀ ਤੋਂ ਵੀ ਭੈੜੀ ਸੀ। ਚੋਣ ਉਸ ਵਿਅਕਤੀ ਨਾਲੋਂ ਬਹੁਤ ਮਾੜੀ ਸੀ ਜਿਸ ਨੂੰ ਅਸੀਂ ਬਦਲਿਆ ਸੀ’। ਉਹਨਾਂ ਕਿਹਾ ਕਿ ਚੰਨੀ ਦੀ ਮੁੱਖ ਯੋਗਤਾ ਇਹ ਹੈ ਕਿ ਉਹ "ਗਰੀਬ, ਇਮਾਨਦਾਰ ਅਤੇ ਦੱਬੇ-ਕੁਚਲੇ" ਸਨ ਪਰ ਇਹ 'ਚਿੱਤਰ ਢਹਿ ਗਿਆ' ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਦੌਰਾਨ ਚੰਨੀ ਦੇ ਭਤੀਜੇ ਅਤੇ ਉਸ ਦੇ ਸਾਥੀਆਂ ਤੋਂ ਕਥਿਤ ਤੌਰ 'ਤੇ 10 ਕਰੋੜ ਰੁਪਏ ਬਰਾਮਦ ਕੀਤੇ ਗਏ। ਜਾਖੜ ਨੇ ਕਿਹਾ ਕਿ ਚੰਨੀ ਨੇ ਕਾਂਗਰਸ ਪਾਰਟੀ ਨੂੰ ਮਖੌਲ ਦਾ ਪਾਤਰ ਬਣਾਇਆ ਹੈ। ਜਾਖੜ ਨੇ ਪੰਜਾਬ ਵਿਚ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਅੰਬਿਕਾ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ।

Ambika Soni

ਜਾਖੜ ਨੇ ਕਿਹਾ ਕਿ ਉਹ ਸਰਗਰਮ ਸਿਆਸਤ ਵਿਚ ਆਉਣ ਦੀ ਨਹੀਂ ਸੋਚ ਰਹੇ ਪਰ ਉਹਨਾਂ ਦਾ ‘ਇਕ ਅਧੂਰਾ ਏਜੰਡਾ’ ਹੈ... ਸਿਆਸਤ ਨੂੰ ਧਾਰਮਿਕ ਪਛਾਣ ਨਾਲ ਜੋੜਨ ਲਈ ਸੋਨੀ ਨੂੰ ਕਾਂਗਰਸ ਤੋਂ ਬਾਹਰ ਕੱਢਣਾ’। ਉਹਨਾਂ ਕਿਹਾ ਕਿ ਸੋਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਲਈ ਆਯੋਜਿਤ ਕਾਂਗਰਸ ਦੀ ਮੀਟਿੰਗ ਵਿਚ ਉਹਨਾਂ ਦੇ ਨਾਂ ਦਾ ਵਿਰੋਧ ਕੀਤਾ ਸੀ, ਇਸ ਤੱਥ ਦੇ ਬਾਵਜੂਦ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਮੈਂਬਰਾਂ ਵਿਚੋਂ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ। ਜਾਖੜ ਨੇ ਕਿਹਾ, ‘ਉਹਨਾਂ (ਅੰਬਿਕਾ ਸੋਨੀ) ਨੇ ਕਿਹਾ ਕਿ ਇਕ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ’।  ਉਹਨਾਂ ਕਿਹਾ, 'ਕੀ ਹੋਵੇਗਾ ਜੇਕਰ ਕੱਲ੍ਹ ਨੂੰ ਭਾਜਪਾ ਦਾ ਕੋਈ ਨੇਤਾ ਇਹ ਕਹੇ ਕਿ 'ਸਿਰਫ਼ ਇਕ ਹਿੰਦੂ ਹੀ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ'। ਇਸ ਤਰ੍ਹਾਂ ਦੀ ਸੋਚ ਕਾਂਗਰਸ ਲਈ ਨੁਕਸਾਨਦੇਹ ਹੈ।