ਪੀਐਮ ਮੋਦੀ ਖ਼ਿਲਾਫ਼ ਪੋਸਟਰ ਲਗਾਉਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਦਿੱਲੀ ਪੁਲਿਸ ਖ਼ਿਲਾਫ਼ ਪਟੀਸ਼ਨ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਫਆਈਆਰ ਰੱਦ ਕਰਨ ਦੀ ਕੀਤੀ ਗਈ ਮੰਗ

Cancel FIRs Over Posters Against PM modi : Plea In Supreme Court

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੋਸਟਰ ਲਗਾਉਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਦਿੱਲੀ ਪੁਲਿਸ ਖ਼ਿਲਾਫ਼ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਗਈ, ਜਿਸ ਵਿਚ ਪੀਐਮ ਮੋਦੀ ਖਿਲਾਫ਼ ਪੋਸਟਰ ਲਗਾਉਣ ਵਾਲਿਆਂ ’ਤੇ ਦਰਜ ਕੀਤੀ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਪੁਲਿਸ ਨੂੰ ਕਿਹਾ ਜਾਵੇ ਕਿ ਉਹ ਵੈਕਸੀਨ ’ਤੇ ਸਵਾਲ ਚੁੱਕਣ ਸਬੰਧੀ ਲਾਗਾਏ ਪੋਸਟਰਾਂ ’ਤੇ ਕਾਰਵਾਈ ਨਾ ਕਰੇ। ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਕਿ ਇਹਨਾਂ ਐਫਆਈਆਰਜ਼ ਦਾ ਸਾਰਾ ਰਿਕਾਰਡ ਵੀ ਪੁਲਿਸ ਕੋਲੋਂ ਮੰਗਿਆ ਜਾਵੇ।

ਪਟੀਸ਼ਨਰ ਵਕੀਲ ਪ੍ਰਦੀਪ ਕੁਮਾਰ ਯਾਦਵ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਹੈ ਕਿ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿਚ ਜੇਕਰ ਕੋਈ ਟੀਕਾਕਰਣ ਨੀਤੀ ਉੱਤੇ ਸਵਾਲ ਚੁੱਕਦਾ ਹੈ ਤਾਂ ਇਸ ਉੱਤੇ ਕਾਰਵਾਈ ਨਹੀਂ ਹੋ ਸਕਦੀ।  ਪਟੀਸ਼ਨ ਵਿਚ ਦੱਸਿਆ ਗਿਆ ਕਿ ਦਿੱਲੀ ਪੁਲਿਸ ਨੇ ਇਕ ਦਿਨ ਵਿਚ 24 ਐਫਆਈਆਰ ਦਰਜ ਕਰਕੇ ਨਿਰਦੋਸ਼ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੱਸ ਦਈਏ ਕਿ ਬੀਤੇ ਦਿਨ ਦਿੱਲੀ ਵਿਚ ਕਈ ਥਾਵਾਂ ’ਤੇ ਪ੍ਰਧਾਨ ਮੰਤਰੀ ’ਤੇ ਆਲੋਚਨਾਤਮਕ ਟਿਪਣੀਆਂ ਵਾਲੇ ਪੋਸਟਰ ਲਗਾਉਣ ਦੇ ਦੋਸ਼ ਵਿਚ ਦਿੱਲੀ ਪੁਲਿਸ ਨੇ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਵੈਕਸੀਨ ਦੀ ਕਮੀ ਦੇ ਚਲਦਿਆਂ ਦਿੱਲੀ ਦੇ ਕਈ ਇਲਾਕਿਆਂ ਵਿਚ ਪੋਸਟਰ ਲਾਗਏ ਜਾ ਰਹੇ ਹਨ। ਇਹਨਾਂ ’ਤੇ ਲਿਖਿਆ ਹੈ, ‘ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ?’ਇਹਨਾਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਵਲੋਂ ਵੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।