ਭਾਜਪਾ MP ਸਾਧਵੀ ਪ੍ਰਗਿਆ ਦਾ ਬਿਆਨ, ‘ਗਊ ਮੂਤਰ ਪੀਂਦੀ ਹਾਂ, ਇਸ ਲਈ ਮੈਨੂੰ ਕੋਰੋਨਾ ਨਹੀਂ ਹੋਇਆ’
ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੇ ਦਾਅਵਾ ਕੀਤਾ ਕਿ ਉਹ ਰੋਜ਼ ਗਊ ਮੂਤਰ ਦਾ ਸੇਵਨ ਕਰਦੇ ਹਨ
ਭੋਪਾਲ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੇ ਦਾਅਵਾ ਕੀਤਾ ਕਿ ਉਹ ਰੋਜ਼ ਗਊ ਮੂਤਰ ਦਾ ਸੇਵਨ ਕਰਦੇ ਹਨ, ਇਹੀ ਕਾਰਨ ਹੈ ਕਿ ਉਹਨਾਂ ਨੂੰ ਕੋਰੋਨਾ ਨਹੀਂ ਹੋਇਆ ਤੇ ਨਾ ਹੀ ਅੱਗੇ ਹੋਵੇਗਾ। ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਉਹਨਾਂ ਨੇ ਇਹ ਬਿਆਨ ਭੋਪਾਲ ਦੇ ਸੰਤ ਨਗਰ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਦਿੱਤਾ। ਉਹਨਾਂ ਕਿਹਾ ਜੇ ਅਸੀਂ ਦੇਸੀ ਗਾਂ ਦੇ ਗਊ ਮੂਤਰ ਦਾ ਅਰਕ ਲੈਂਦੇ ਹਾਂ ਤਾਂ ਸਾਡੇ ਫੇਫੜਿਆਂ ਦਾ ਸੰਕਰਮਣ ਖਤਮ ਹੁੰਦਾ ਹੈ। ਮੈਂ ਬਹੁਤ ਤਕਲੀਫ਼ ਵਿਚ ਹਾਂ ਪਰ ਹਰ ਰੋਜ਼ ਗਊ-ਮੂਤਰ ਦਾ ਅਰਕ ਲੈਂਦੀ ਹਾਂ। ਇਸ ਲਈ ਹਾਲੇ ਮੈਨੂੰ ਕੋਰੋਨਾ ਲਈ ਕੋਈ ਦਵਾਈ ਨਹੀਂ ਲੈਣੀ ਪੈ ਰਹੀ। ਨਾ ਹੀ ਮੈਂ ਕੋਰੋਨਾ ਪੀੜਤ ਹਾਂ ਅਤੇ ਨਾ ਹੀ ਮੈਨੂੰ ਕੋਰੋਨਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਪ੍ਰਾਰਥਨਾ ਕਰਕੇ ਗਊ ਮੂਤਰ ਦਾ ਸੇਵਨ ਕਰਦੇ ਹਨ।
ਦੱਸ ਦਈਏ ਕਿ ਪ੍ਰਗਿਆ ਠਾਕੁਰ ਨੇ ਇਸ ਤੋਂ ਪਹਿਲਾਂ ਵੀ 2019 ਵਿਚ ਗਊ ਮੂਤਰ ਸੇਵਨ ਕਰਨ ਦਾ ਦਾਅਵਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮੇਰਾ ਕੈਂਸਰ ਗਊ ਮੂਤਰ ਪੀਣ ਨਾਲ ਠੀਕ ਹੋਇਆ ਸੀ। ਸਾਧਵੀ ਪ੍ਰਗਿਆ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉਹਨਾਂ ਦੀ ਕਾਫੀ ਅਲੋਚਨਾ ਹੋ ਰਹੀ ਹੈ।
ਦੱਸ ਦਈਏ ਕਿ ਸਿਹਤ ਸਬੰਧੀ ਮਾਹਿਰਾਂ ਨੇ ਅਜਿਹੇ ਬਿਆਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਦਾ ਇਕੋ ਇਕ ਹਥਿਆਰ ਕੋਰੋਨਾ ਵੈਕਸੀਨ ਹੈ। ਇਸ ਤੋਂ ਇਲਾਵਾ ਮਹਾਂਮਾਰੀ ਦੇ ਦੌਰ ਵਿਚ ਲੋਕਾਂ ਨੂੰ ਗੁੰਮਰਾਹ ਨਾ ਹੋਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।