ਨਵੀਆਂ ਪਰਿਯੋਜਨਾਵਾਂ ਵਿਚ ਵਿਦੇਸ਼ੀ ਨਿਵੇਸ਼ ਕਰਵਾਉਣ 'ਚ ਭਾਰਤ ਤੋਂ ਅੱਗੇ ਨਿਕਲਿਆ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵੀਆਂ ਪਰਿਯੋਜਨਾਵਾਂ ਲਈ ਵਿਦੇਸ਼ੀ ਨਿਵੇਸ਼  ਹਾਸਲ ਕਰਨ  ਦੇ ਮਾਮਲੇ ਵਿਚ ਅਮਰੀਕਾ ਨੇ 2017 ਵਿਚ ਭਾਰਤ ਨੂੰ ਪਿਛੇ ਛੱਡ ...

Capital investment

ਨਵੀਂ ਦਿੱਲੀ, 17 ਜੂਨ  (ਏਜੰਸੀ)   ਨਵੀਆਂ ਪਰਿਯੋਜਨਾਵਾਂ ਲਈ ਵਿਦੇਸ਼ੀ ਨਿਵੇਸ਼  ਹਾਸਲ ਕਰਨ  ਦੇ ਮਾਮਲੇ ਵਿਚ ਅਮਰੀਕਾ ਨੇ 2017 ਵਿਚ ਭਾਰਤ ਨੂੰ ਪਿਛੇ ਛੱਡ ਦਿਤਾ ਹੈ। ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ।'ਦ ਫਾਈਨੈਸ਼ੀਅਲ ਟਾਈਮਜ਼' ਦੀ ਐਫਡੀਆਈ ਰਿਪੋਰਟ-2018 ਵਿਚ ਕਿਹਾ ਗਿਆ ਹੈ ਕਿ 2017 ਵਿਚ ਭਾਰਤ ਵਿਚ ਨਵੀਂ ਐਫਡੀਆਈ ਪਰਿਯੋਜਨਾਵਾਂ 21 ਫ਼ੀ ਸਦੀ ਘੱਟ ਕੇ 637 ਰਹਿ ਗਈਆਂ।

ਇਹ ਰਿਪੋਰਟ ਐਫ਼ ਡੀ ਆਈ ਇੰਟੈਲੀਜੈਂਸ ਨੇ ਤਿਆਰ ਕੀਤੀ ਹੈ।ਜ਼ਿਕਰਯੋਗ ਹੈ ਕਿ ਗਰੀਨਫ਼ੀਲਡ ਐਫਡੀਆਈ ਨਿਵੇਸ਼ ਮਾਮਲੇ ਵਿਚ ਭਾਰਤ 2015 ਅਤੇ 2016 ਵਿਚ ਦੁਨੀਆਂ ਵਿਚ ਪਹਿਲੇ ਸਥਾਨ ਉੱਤੇ ਸੀ। 2017 ਵਿਚ ਅਮਰੀਕਾ ਪਹਿਲੇ ਸਥਾਨ ਉੱਤੇ ਪਹੁੰਚ ਗਿਆ।  ਸਾਲ 2017 ਦੌਰਾਨ ਅਮਰੀਕਾ ਨੂੰ 87.4 ਅਰਬ ਡਾਲਰ ਦਾ ਐਫਡੀਆਈ ਮਿਲਿਆ।

ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਵਿਦੇਸ਼ੀ ਨਿਵੇਸ਼ ਵਾਲੀਆਂ ਨਵੀਆਂ ਪਰਿਯੋਜਨਾਵਾਂ ਅਤੇ ਕੁਲ ਪ੍ਰਤੱਖ ਵਿਦੇਸ਼ੀ ਪੂੰਜੀ ਨਿਵੇਸ਼ ਮਾਮਲੇ ਵਿਚ ਚੀਨ ਪਹਿਲੇ ਸਥਾਨ ਉੱਤੇ ਅਤੇ ਭਾਰਤ ਦੂਜੇ ਸਥਾਨ ਉੱਤੇ ਰਿਹਾ। ਰਿਪੋਰਟ ਵਿਚ ਦਸਿਆ ਗਿਆ ਹੈ ਕਿ ਚੀਨ ਨੂੰ 2017 ਵਿਚ ਨਵੀਆਂ ਪਰਿਯੋਜਨਾਵਾਂ ਲਈ 50.8 ਅਰਬ ਡਾਲਰ ਦਾ ਵਿਦੇਸ਼ੀ ਪੂੰਜੀ ਨਿਵੇਸ਼ ਮਿਲਿਆ ਜਦਕਿ ਭਾਰਤ ਨੂੰ 25.1 ਅਰਬ ਡਾਲਰ ਦਾ ਨਿਵੇਸ਼ ਮਿਲਿਆ।

 ਰਿਪੋਰਟ ਵਿਚ ਇਹ ਵੀ ਦਸਿਆ ਗਿਆ ਹੈ ਕਿ ਚੀਨ ਨੂੰ ਇਸ ਦੌਰਾਨ ਕੁਲ 681 ਨਵੀਂ ਐਫ਼ਡੀਆਈ ਪਰਿਯੋਜਨਾਵਾਂ ਲਈ ਅਤੇ ਭਾਰਤ ਨੂੰ 637 ਨਵੀਆਂ ਐਫਡੀਆਈ ਪਰਿਯੋਜਨਾਵਾਂ ਲਈ ਨਿਵੇਸ਼ ਮਿਲਿਆ। ਐਫਡੀਆਈ ਰਿਪੋਰਟ ਅਨੁਸਾਰ ਵਿਸ਼ਵ ਪੱਧਰ 'ਤੇ 2017 ਵਿਚ ਗਰੀਨਫ਼ੀਲਡ ਐਫਡੀਆਈ ਪਰਿਯੋਜਨਾਵਾਂ ਦੀ ਗਿਣਤੀ 1.1 ਫ਼ੀ ਸਦੀ ਘਟ ਕੇ 13, 200 ਰਹਿ ਗਈ। ਇਸ ਦੌਰਾਨ ਪੂੰਜੀ ਨਿਵੇਸ਼ 15.2 ਫ਼ੀ ਸਦੀ ਘਟ ਕੇ 662.6 ਅਰਬ ਡਾਲਰ ਰਿਹਾ।  

ਜ਼ਿਕਰਯੋਗ ਹੈ ਕਿ ਵੱਖ ਵੱਖ ਦੇਸ਼ ਵੱਖ ਵੱਖ ਢੰਗਾਂ ਨਾਲ ਵਿਦੇਸ਼ੀ ਨਿਵੇਸ਼ ਲਈ ਪਹੁੰਚ ਕਰਦੇ ਰਹਿੰਦੇ ਹਨ। ਭਾਰਤ ਹਮੇਸ਼ਾ ਹੀ ਵੱਖ ਵੱਖ ਦੇਸ਼ਾਂ ਵਿਚ ਵਸੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਿਵੇਸ਼ ਲਈ ਉਤਸ਼ਾਹਤ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਆਗੂ ਜਦੋਂ ਵਿਦੇਸ਼ੀ ਦੌਰਿਆਂ 'ਤੇ ਜਾਦੇ ਹਨ ਤਾਂ ਉਥੇ ਦੂਜੇ ਦੇਸ਼ਾਂ ਨਾਲ ਤਾਂ ਸਮਝੌਤੇ ਕਰਦੇ ਹੀ ਹਨ।

ਉਥੇ ਹੀ ਉਹ ਵਿਦੇਸ਼ੀ ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗਾਂ ਕਰ ਕੇ ਜਿਥੇ ਉਨ੍ਹਾਂ ਨੂੰ ਦੇਸ਼ 'ਚ ਪੂੰਜੀ ਲਗਾਉਣ ਲਈ ਉਤਸ਼ਾਹਤ ਕਰਦੇ ਹਨ ਉਥੇ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਦੇਣ ਦਾ ਵਾਅਦਾ ਵੀ ਕਰਦੇ ਹਨ। ਵਿਦੇਸ਼ੀ ਨਿਵੇਸ਼ ਲਈ ਕੰਪਨੀਆਂ ਮੁੱਖ ਤੌਰ 'ਤੇ ਉਥੋਂ ਦੇ ਧਰਾਤਲ ਹਾਲਾਤ ਦੇਖਦੀਆਂ ਹਨ ਤੇ ਰਾਜਨੀਤਕ ਮਾਹੌਲ ਵਿਦੇਸ਼ੀ ਨਿਵੇਸ਼ 'ਤੇ ਗੂੜ੍ਹਾ ਪ੍ਰਪਾਵ ਛਡਦਾ ਹੈ।