ਕਸ਼ਮੀਰ ਵਿਚ ਲੋਕ ਹੌਲੀ-ਹੌਲੀ ਮਰ ਰਹੇ ਹਨ : ਤਾਰੀਗਾਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਵਾਦੀ ਵਿਚ ਹਾਲਾਤ ਬੜੇ ਖ਼ਰਾਬ, ਮੋਦੀ ਸਰਕਾਰ ਕਸ਼ਮੀਰੀਆਂ ਨੂੰ ਨਾਲ ਲੈ ਕੇ ਚੱਲੇ

Kashmiris are being suffocated, dying a slow death : Mohammed Yousaf Tarigami

ਨਵੀਂ ਦਿੱਲੀ : ਸੀਪੀਐਮ ਦੇ ਸੀਨੀਅਰ ਆਗੂ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਵਿਧਾਇਕ ਮੁਹੰਮਦ ਤਾਰੀਗਾਮੀ ਨੇ ਕਿਹਾ ਹੈ ਕਿ ਕਸ਼ਮੀਰ ਦੇ ਲੋਕ ਹੌਲ ਹੌਲ ਮੌਤ ਮਰ ਰਹੇ ਹਨ ਅਤੇ ਮੋਦੀ ਸਰਕਾਰ ਨੂੰ ਕਸ਼ਮੀਰੀਆਂ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ।

ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨਾਲ ਪੱਤਰਕਾਰ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਉਥੇ ਇਕ ਵੀ ਗੋਲੀ ਨਹੀਂ ਚੱਲੀ, ਹਾਲਾਤ ਆਮ ਹਨ। ਫਿਰ ਉਥੋਂ ਦੇ ਲੋਕਾਂ ਦੇ ਨਾਗਰਿਕ ਅਧਿਕਾਰਾਂ ਅਤੇ ਸੇਵਾਵਾਂ ਨੂੰ ਰੋਕਿਆ ਕਿਉਂ ਗਿਆ ਹੈ? ਉਨ੍ਹਾਂ ਹਾਲਾਤ ਦੀ ਗੰਭੀਰਤਾ 'ਤੇ ਸਵਾਲ ਚੁਕਦਿਆਂ ਕਿਹਾ ਕਿ ਸਰਕਾਰ ਕਿਸੇ ਹੋਰ ਇਲਾਕੇ ਵਿਚ ਟੈਲੀਫ਼ੋਨ ਅਤੇ ਇੰਟਰਨੈਟ ਸਮੇਤ ਹੋਰ ਨਾਗਰਿਕ ਸਹੂਲਤਾਂ ਬੰਦ ਕਰ ਕੇ ਵੇਖ ਲਵੇ ਕਿ ਅਜਿਹਾ ਕਰਨ ਨਾਲ ਕਿਹੋ ਜਿਹੇ ਹਾਲਾਤ ਹੋ ਜਾਂਦੇ ਹਨ? ਤਾਰੀਗਾਮੀ ਨੇ ਕਿਹਾ ਕਿ ਕਸ਼ਮੀਰ ਵਿਚ ਸੰਚਾਰ ਸੇਵਾਵਾਂ ਅਤੇ ਨਾਗਰਿਕ ਸਹੂਲਤਾਂ ਨਾ ਹੋਣ ਕਾਰਨ ਸਿਖਿਆ, ਸਿਹਤ ਅਤੇ ਕਾਰੋਬਾਰ ਸਮੇਤ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਉਹ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਭਾਵੁਕ ਹੋ ਗਏ।

ਉਨ੍ਹਾਂ ਕਿਹਾ, 'ਉਥੇ ਲੋਕ ਹੌਲੀ ਹੌਲੀ ਮਰ ਰਹੇ ਹਨ। ਸਾਡੀ ਹਕੂਮਤ ਨੂੰ ਅਪੀਲ ਹੈ ਕਿ ਅਸੀਂ ਜਿਊਣਾ ਚਾਹੁੰਦੇ ਹਾਂ, ਸਰਕਾਰ ਕਸ਼ਮੀਰੀਆਂ ਦੀ ਵੀ ਆਵਾਜ਼ ਸੁਣੇ, ਸਾਨੂੰ ਵੀ ਜ਼ਿੰਦਾ ਰਹਿਣ ਦਾ ਮੌਕਾ ਮਿਲਣਾ ਚਾਹੀਦਾ ਹੈ।' ਉਨ੍ਹਾਂ ਮੋਦੀ ਸਰਕਾਰ ਦੀ ਕਸ਼ਮੀਰ ਨੀਤੀ ਬਾਰੇ ਸਵਾਲ ਚੁਕਦਿਆਂ ਕਿਹਾ ਕਿ ਲੋਕਾਂ ਨੂੰ ਜੇਲ ਵਿਚ ਸੁੱਟ ਕੇ, ਉਨ੍ਹਾਂ 'ਤੇ ਅਤਿਆਚਾਰ ਕਰ ਕੇ, ਸੰਚਾਰ ਸੇਵਾਵਾਂ ਬੰਦ ਕਰ ਕੇ, ਕੀ ਸਰਕਾਰ ਲੋਕਾਂ ਦਾ ਵਿਸ਼ਵਾਸ ਜਿੱਤ ਸਕੇਗੀ? ਜੰਮੂ ਕਸ਼ਮੀਰ ਵਿਧਾਨ ਸਭਾ ਦੇ ਚਾਰ ਵਾਰ ਮੈਂਬਰ ਰਹੇ ਤਾਰੀਗਾਮੀ ਨੇ ਕਿਹਾ ਕਿ ਪਿਛਲੇ ਕੁੱਝ ਦਹਾਕਿਆਂ ਦੌਰਾਨ ਉਨ੍ਹਾਂ ਅਤਿਵਾਦ ਅਤੇ ਹਿੰਸਾ ਦਾ ਸੱਭ ਤੋਂ ਭੈੜਾ ਦੌਰ ਵੇਖਿਆ ਹੈ ਪਰ ਜਿਹੋ ਜਿਹੇ ਹੁਣ ਹਾਲਾਤ ਹਨ, ਉਸ ਤੋਂ ਉਹ ਬੇਹੱਦ ਡਰੇ ਹੋਏ ਹਨ।