ਚਿੜੀਆਘਰ ਵਿਚ ਸ਼ੇਰ ਦੇ ਪਿੰਜਰੇ ਵਿਚ ਵੜਿਆ ਨੌਜਵਾਨ, ਸੁਰੱਖਿਅਤ ਬਚਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦਾ ਵਾਸੀ ਰੇਹਾਨ ਖ਼ਾਨ ਨਸ਼ੇ ਵਿਚ ਸੀ।

Man jumps inside lion enclosure in Delhi zoo; escapes unhurt

ਨਵੀਂ ਦਿੱਲੀ : ਦਿੱਲੀ ਦੇ ਚਿੜੀਆਘਰ ਵਿਚ ਇਕ ਆਦਮੀ ਸ਼ੇਰ ਦੇ ਵਾੜੇ ਵਿਚ ਕੁੱਦ ਗਿਆ। ਚਿੜੀਆਘਰ ਦੇ ਮੁਲਾਜ਼ਮਾਂ ਨੇ ਤੁਰਤ ਕਾਰਵਾਈ ਕਰਦਿਆਂ ਸ਼ੇਰ ਨੂੰ ਬੇਹੋਸ਼ ਕਰ ਕੇ ਉਸ ਆਦਮੀ ਨੂੰ ਬਚਾ ਲਿਆ।

ਇਹ ਘਟਨਾ ਦੁਪਹਿਰ ਕਰੀਬ 12.30 ਵਜੇ ਵਾਪਰੀ। ਸੂਤਰਾਂ ਨੇ ਦਸਿਆ ਕਿ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦਾ ਵਾਸੀ ਰੇਹਾਨ ਖ਼ਾਨ ਨਸ਼ੇ ਵਿਚ ਸੀ। ਚਿੜੀਆਘਰ ਦੇ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਮੁਤਾਬਕ ਰੇਹਾਨ ਖ਼ਾਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੰਜ ਲਗਦਾ ਹੈ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ। ਉਹ ਇਸ ਵੇਲੇ ਦਿੱਲੀ ਦੇ ਸੀਲਮਪੁਰ ਵਿਚ ਰਹਿੰਦਾ ਹੈ।

ਜਦ ਉਹ ਸ਼ੇਰ ਦੇ ਵਾੜੇ ਵਿਚ ਕੁੱਦ ਗਿਆ ਤਾਂ ਉਥੇ ਸ਼ੇਰ ਮੌਜੂਦ ਸੀ। ਉਹ ਸ਼ੇਰ ਕੋਲ ਚਲਾ ਗਿਆ ਅਤੇ ਉਸ ਨੂੰ ਚਿੜਾਉਣ ਲੱਗੇ ਪਰ ਸ਼ੇਰ ਨੇ ਉਸ 'ਤੇ ਹਮਲਾ ਨਹੀਂ ਕੀਤਾ। ਵੇਖਣ ਵਾਲੇ ਲੋਕ ਉਸ ਨੂੰ ਵਾਪਸ ਆਉਣ ਲਈ ਕਹਿ ਰਹੇ ਸਨ ਪਰ ਉਸ ਨੇ ਉਨ੍ਹਾਂ ਵਲ ਧਿਆਨ ਨਾ ਦਿਤਾ ਅਤੇ ਸ਼ੇਰ ਦੇ ਸਾਹਮਣੇ ਖੜਾ ਰਿਹਾ। ਜਦ ਚਿੜੀਅਘਰ ਦੇ ਮੁਲਾਜ਼ਮ ਉਸ ਨੂੰ ਬਚਾਉਣ ਲਈ ਵਾੜੇ ਵਿਚ ਵੜੇ ਤਾਂ ਉਹ ਸ਼ੇਰ ਵੱਲ ਭੱਜਣ ਲੱਗਾ ਪਰ ਇਕਦਮ ਸ਼ੇਰ ਨੂੰ ਬੇਹੋਸ਼ ਕਰ ਦਿਤਾ ਗਿਆ। ਸਤੰਬਰ 2014 ਵਿਚ ਵਾੜੇ ਵਿਚ ਵੜ ਜਾਣ 'ਤੇ ਬਾਘ ਨੇ ਇਕ ਆਦਮੀ ਦੀ ਜਾਨ ਲੈ ਲਈ ਸੀ।