ਦੇਸ਼ ਦਾ ਗਰੀਬ ਭੁੱਖਾ ਹੈ ਕਿਉਂਕਿ ਸਰਕਾਰ ਅਪਣੇ ਮਿੱਤਰਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੈ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਲੋਬਲ ਹੰਗਰ ਇੰਡੈਕਸ 2020 'ਚ ਭਾਰਤ ਦੀ ਰੈਂਕਿੰਗ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਹਮਲਾ

Rahul Gandhi

ਨਵੀਂ ਦਿੱਲੀ: ਗਲੋਬਲ ਹੰਗਰ ਇੰਡੈਕਸ 2020 ਦੀ ਰਿਪੋਰਟ ਸਾਂਝੀ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਗਰੀਬ ਭੁੱਖਾ ਹੈ ਕਿਉਂਕਿ ਸਰਕਾਰ ਅਪਣੇ ਮਿੱਤਰਾਂ ਦੀਆਂ ਜੇਬਾਂ ਭਰਨ ਵਿਚ ਲੱਗੀ ਹੋਈ ਹੈ। 

ਗਲੋਬਲ ਹੰਗਰ ਇੰਡੈਕਸ ਵਿਚ ਭਾਰਤ ਨੂੰ 94ਵਾਂ ਰੈਂਕ ਮਿਲਿਆ ਹੈ। ਰਿਪੋਰਟ ਅਨੁਸਾਰ ਸਿਰਫ਼ 13 ਦੇਸ਼ ਅਜਿਹੇ ਹਨ, ਜੋ ਹੰਗਰ ਇੰਡੈਕਸ ਵਿਚ ਭਾਰਤ ਤੋਂ ਪਿੱਛੇ ਹਨ। ਇਹਨਾਂ ਵਿਚ ਰਵਾਂਡਾ (97), ਨਾਈਜ਼ੀਰੀਆ (98), ਲੀਬੀਆ (102), ਮੇਜ਼ਮਬਿਕ (103), ਚਾਡ (107) ਆਦਿ ਦੇਸ਼ ਸ਼ਾਮਲ ਹਨ। 

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, 'ਭਾਰਤ ਦਾ ਗਰੀਬ ਭੁੱਖਾ ਹੈ ਕਿਉਂਕਿ ਸਰਕਾਰ ਸਿਰਫ਼ ਅਪਣੇ ਕੁਝ ਖਾਸ 'ਮਿੱਤਰਾਂ' ਦੀਆਂ ਜੇਬਾਂ ਭਰਨ ਵਿਚ ਲੱਗੀ ਹੈ'।
ਦੱਸ ਦਈਏ ਕਿ ਦੇਸ਼ 'ਚ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਭੁੱਖ ਵੱਡੀ ਸਮੱਸਿਆ ਬਣੀ ਹੋਈ ਹੈ।

ਹਾਲਾਂਕਿ ਇਸ ਵਾਰ ਦੀ ਰਿਪੋਰਟ ਮੁਤਾਬਕ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ ਪਰ ਸਥਿਤੀ ਕਾਫ਼ੀ ਗੰਭੀਰ ਹੈ। ਇਸ ਰਿਪੋਰਟ ਵਿਚ ਭਾਰਤ ਕਈ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਇਹਨਾਂ ਦੇਸ਼ਾਂ ਵਿਚ ਨੇਪਾਲ, ਸ੍ਰੀਲੰਕਾ, ਮਿਆਂਮਾਰ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਦੇਸ਼ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 117 ਦੇਸ਼ਾਂ ਵਿਚ ਭਾਰਤ 102ਵੇਂ ਨੰਬਰ 'ਤੇ ਸੀ। ਸਾਲ 2018 ਵਿਚ ਗਲੋਬਲ ਹੰਗਰ ਇੰਡੈਕਸ ਦੇ ਮੁਤਾਬਿਕ 119 ਦੇਸ਼ਾਂ ਵਿਚੋਂ ਭਾਰਤ 103 ਵੇਂ ਨੰਬਰ 'ਤੇ ਸੀ।