ਸਬਰੀਮਾਲਾ ਵਿਵਾਦ : ਹਿੰਦੂ ਮਹਿਲਾ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਕੇਰਲ 'ਚ ਬੰਦ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੱਖੇ ਵਿਰੋਧ ਅਤੇ ਹਿੰਸਾ ਕਾਰਨ 10 ਤੋਂ 50 ਸਾਲ ਦੀ ਕੋਈ ਵੀ ਔਰਤ ਭਗਵਾਨ ਅਯੱਪਾ ਦੇ ਦਰਸ਼ਨ ਨਹੀਂ ਕਰ ਸਕੀ ।

Sabrimala temple

ਤਿਰੂਵੰਨਤਮਪੁਰਮ,  ( ਭਾਸ਼ਾ ) : ਕੇਰਲ ਵਿਚ ਹਿੰਦੂ ਆਈਕਾ ਵੇਦੀ ਦੀ ਮੁਖੀ ਕੇ.ਪੀ. ਸ਼ਸ਼ੀਕਲਾ ਦੀ ਅੱਜ ਤੜਕੇ ਹੋਈ ਗ੍ਰਿਫਤਾਰੀ ਤੋਂ ਬਾਅਦ ਸਬਰੀਮਾਲਾ ਕਰਮਚਾਰੀ ਕਮੇਟੀ ਨੇ ਰਾਜ ਵਿਚ ਬੰਦ ਦਾ ਸੱਦਾ ਦਿਤਾ ਹੈ। ਇਹ ਕਮੇਟੀ ਉਨ੍ਹਾਂ ਦਾ ਮੁਖ ਸੰਗਠਨ ਹੈ ਜੋ ਸੁਪਰੀਮ ਕਰੋਟ ਵੱਲੋਂ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਹੋਣ ਦੀ ਆਗਿਆ ਦਿਤੇ ਜਾਣ ਦਾ ਵਿਰੋਧ ਕਰ ਰਿਹਾ ਹੈ। ਲਗਭਗ 50 ਤੋਂ ਵੱਧ ਉਮਰ ਦੀ ਸ਼ਸ਼ੀਕਲਾ ਦਰਸ਼ਨਾਂ ਲਈ ਆਈ ਸੀ ਪਰ ਉਸ ਨੂੰ ਰੋਕ ਦਿਤਾ ਗਿਆ।

ਹੁਕਮ ਨੂੰ ਤੋੜਨ ਦੇ ਦੋਸ਼ ਵਿਚ ਉਨ੍ਹਾਂ ਨੂੰ ਲਗਭਗ 2 ਵਜੇ ਗ੍ਰਿਫਤਾਰ ਕੀਤਾ ਗਿਆ। ਸਵੇਰੇ 6 ਵਜੇ ਤੋਂ 12 ਘੰਟੇ ਤੱਕ ਲਈ ਬੁਲਾਏ ਗਏ ਬੰਦ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਰਧਾਲੂਆਂ ਦੀ ਆਮਦ ਤੇ ਅਸਰ ਪਾਵੇਗਾ। ਸ਼ਸ਼ੀਕਲਾ ਦੀ ਗ੍ਰਿਫਤਾਰੀ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਧਾਰਾ-144 ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਨੂੰ ਪ੍ਰਭਾਗੀ ਹਿਰਾਸਤ ਵਿਚ ਲਿਆ ਗਿਆ ਹੈ। ਬੀਤੀ ਰਾਤ ਮਹਿਲਾ ਵਰਕਰ ਤ੍ਰਿਪਤੀ ਦੇਸਾਈ ਦਾ ਰਾਹ ਰੋਕਣ ਦੇ ਦੋਸ਼ ਵਿਚ 500 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ।

ਸਬਰੀਮਾਲਾ ਦਰਸ਼ਨ ਦੇ ਲਈ ਪੁਣੇ ਤੋਂ ਕੋਚੀ ਏਅਰਪੋਰਟ ਆਈ ਤ੍ਰਿਪਤੀ ਨੂੰ ਲਗਭਗ 14 ਘੰਟੇ ਤੱਕ ਚਲੇ ਨਾਟਕ ਤੋਂ ਬਾਅਦ ਵਾਪਸ ਮੁੜਨਾ ਪਿਆ। ਸਬਰੀਮਾਲਾ ਮੰਦਰ ਦੋ ਮਹੀਨੇ ਤੱਕ ਚਲਣ ਵਾਲੀ ਤੀਰਥਯਾਤਰਾ ਲਈ ਸ਼ੁਕਰਵਾਰ ਸ਼ਾਮ ਨੂੰ ਸਖਤ ਸੁਰੱਖਿਆ ਵਿਚਕਾਰ ਖੋਲ੍ਹਿਆ ਗਿਆ। ਹਾਲਾਂਕਿ ਭਾਰੀ ਵਿਰੋਧ ਕਾਰਨ ਮਹਿਲਾ ਵਰਕਰ ਤ੍ਰਿਪਤੀ ਦੇਸਾਈ ਅਪਣੇ ਐਲਾਨ ਮੁਤਾਬਕ ਮੰਦਰ ਅੰਦਰ ਨਹੀਂ ਜਾ ਸਕੀ।

ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਹੋਣ ਦੀ ਆਗਿਆ ਨਾਲ ਜੁੜੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਤੋਂ ਹੀ ਇਥੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਅਦਾਲਤੀ ਹੁਕਮ ਤੋਂ ਬਾਅਦ ਮੰਦਰ ਤੀਜੀ ਵਾਰ ਖੁਲ੍ਹਿਆ ਹੈ। ਕੇਰਲ ਪੁਲਿਸ ਨੇ ਦਰਸ਼ਨ ਦੀਆਂ ਇਛੁੱਕ ਔਰਤਾਂ ਨੂੰ ਸੁਰੱਖਿਆ ਦੇਣ ਦਾ ਭਰੋਸਾ ਜਤਾਇਆ ਹੈ ਪਰ ਤਿੱਖੇ ਵਿਰੋਧ ਅਤੇ ਹਿੰਸਾ ਕਾਰਨ 10 ਤੋਂ 50 ਸਾਲ ਦੀ ਕੋਈ ਵੀ ਔਰਤ ਭਗਵਾਨ ਅਯੱਪਾ ਦੇ ਦਰਸ਼ਨ ਨਹੀਂ ਕਰ ਸਕੀ ।