ਸਬਰੀਮਾਲਾ ਬਾਰੇ ਸਰਬ-ਪਾਰਟੀ ਬੈਠਕ 'ਚ ਨਹੀਂ ਟੁਟਿਆ ਰੇੜਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਬਰੀਮਾਲਾ ਮੁੱਦੇ 'ਤੇ ਵੀਰਵਾਰ ਨੂੰ ਇਕ ਸਰਬਪਾਰਟੀ ਬੈਠਕ 'ਚ ਕੇਰਲ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਨ 'ਤੇ ਅੜੇ ਰਹਿਣ 'ਤੇ ਵਿਰੋਧੀ...........

All-Party Meeting

ਤਿਰੂਵਨੰਤਪੁਰਮ : ਸਬਰੀਮਾਲਾ ਮੁੱਦੇ 'ਤੇ ਵੀਰਵਾਰ ਨੂੰ ਇਕ ਸਰਬਪਾਰਟੀ ਬੈਠਕ 'ਚ ਕੇਰਲ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਨ 'ਤੇ ਅੜੇ ਰਹਿਣ 'ਤੇ ਵਿਰੋਧੀ ਪਾਰਟੀਆਂ ਬੈਠਕ 'ਚੋਂ ਉਠ ਕੇ ਚਲੀਆਂ ਗਈਆਂ। ਸੁਪਰੀਮ ਕੋਰਟ ਨੇ ਭਗਵਾਨ ਅਯੱਪਾ ਮੰਦਰ 'ਚ ਸਾਰੀ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਦੀ ਇਜਾਜ਼ਤ ਦੇ ਦਿਤੀ ਸੀ ਅਤੇ ਸੂਬਾ ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਹੁਕਮ ਨੂੰ ਲਾਗੂ ਕਰਨਾ ਉਸ ਦਾ ਫ਼ਰਜ਼ ਹੈ। ਵਿਰੋਧੀ ਪਾਰਟੀਆਂ ਨੇ 22 ਜਨਵਰੀ ਤਕ ਸਿਖਰਲੀ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ। ਇਸ ਹੁਕਮ ਵਿਰੁਧ ਦਾਇਰ ਸਮੀਖਿਆ ਅਪੀਲਾਂ 'ਤੇ ਉਸੇ ਦਿਨ ਸੁਣਵਾਈ ਹੋਣੀ ਹੈ।

ਵਿਰੋਧੀ ਧਿਰ ਦੀ ਮੰਗ ਖ਼ਾਰਜ ਕਰਦਿਆਂ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਕਿ ਕਿਉਂਕਿ ਸਿਖਰਲੀ ਅਦਾਲਤ ਨੇ 28 ਸਤੰਬਰ ਦੇ ਅਪਣੇ ਹੁਕਮ 'ਤੇ ਰੋਕ ਨਹੀਂ ਲਾਈ ਹੈ ਅਜਿਹੇ 'ਚ ਆ ਰਹੇ ਤੀਰਥ ਸੀਜ਼ਨ 'ਚ ਇਸ ਮੰਦਰ 'ਚ 10-50 ਸਾਲ ਉਮਰ ਦੀਆਂ ਔਰਤਾਂ ਨੂੰ ਦਾਖ਼ਲੇ ਦੀ ਇਜਾਜ਼ਤ ਦੇਣ ਤੋਂ ਸਿਵਾ ਕੋਈ ਬਦਲ ਨਹੀਂ ਹੈ। ਤਿੰਨ ਘੰਟਿਆਂ ਤਕ ਚੱਲੀ ਇਸ ਬੈਠਕ 'ਚ ਜਦੋਂ ਕੋਈ ਆਮ ਸਹਿਮਤੀ ਨਾ ਬਣ ਸਕੀ ਤਾਂ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ਼. ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧੀ ਇਸ ਅਹਿਮ ਗੱਲਬਾਤ ਦੇ ਅਖ਼ੀਰ 'ਚ ਉਠ ਕੇ ਚਲੇ ਗਏ।

ਇਹ ਸਰਬ-ਪਾਰਟੀ ਬੈਠਕ ਦੋ ਮਹੀਨਿਆਂ ਤਕ ਚੱਲਣ ਵਾਲੇ ਤੀਰਥ ਸੀਜ਼ਨ ਲਈ ਮੰਦਰ ਦੇ 17 ਨਵੰਬਰ ਨੂੰ ਖੁਲ੍ਹਣ ਤੋਂ ਪਹਿਲਾਂ ਸੱਦੀ ਗਈ ਸੀ। ਅਦਾਲਤ ਦੇ ਹੁਕਮ ਤੋਂ ਬਾਅਦ ਪਿਛਲੇ ਮਹੀਨੇ ਤੋਂ ਦੋ ਵਾਰੀ ਇਹ ਮੰਦਰ ਖੁਲ੍ਹਿਆ ਅਤੇ ਕੁੱਝ ਔਰਤਾਂ ਨੇ ਉਸ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸ਼ਰਧਾਲੂਆਂ ਅਤੇ ਵੱਖੋ-ਵੱਖ ਹਿੰਦੂ ਜਥੇਬੰਦੀਆਂ ਵਿਰੁਧ ਪ੍ਰਦਰਸ਼ਨ ਕਰ ਕੇ ਉਹ ਦਾਖ਼ਲ ਨਹੀਂ ਹੋ ਸਕੀਆਂ ਸਨ।  (ਪੀਟੀਆਈ)

Related Stories