ਸੱਤਿਆ ਪਾਲ ਮਲਿਕ ਦਾ ਦਾਅਵਾ- ਗੁਜਰਾਤ ਅਤੇ ਹਿਮਾਚਲ ਵਿਚ ਘਟਣਗੀਆਂ ਭਾਜਪਾ ਦੀਆਂ ਸੀਟਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਜੇਕਰ ਕਿਸਾਨ ਫਿਰ ਤੋਂ ਅੰਦੋਲਨ ਕਰਦੇ ਹਨ ਤਾਂ ਹਰ ਜਗ੍ਹਾ ਕਿਸਾਨਾਂ ਵਿਚਕਾਰ ਪਹੁੰਚਾਂਗਾ

Satya pal malik

 

ਨਵੀਂ ਦਿੱਲੀ:  ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਨੇ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਮਲਿਕ ਨੇ ਹਰਿਆਣਾ ਦੇ ਰੇਵਾੜੀ 'ਚ ਗੁਜਰਾਤ ਅਤੇ ਹਿਮਾਚਲ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕਿਸਾਨ ਫਿਰ ਤੋਂ ਅੰਦੋਲਨ ਕਰਦੇ ਹਨ ਤਾਂ ਹਰ ਜਗ੍ਹਾ ਕਿਸਾਨਾਂ ਵਿਚਕਾਰ ਪਹੁੰਚਾਂਗਾ।

ਸੱਤਿਆ ਪਾਲ ਮਲਿਕ ਨੇ ਕਿਹਾ ਕਿ ਇਹ ਸਭ ਮੀਡੀਆ ਦੀ ਖੇਡ ਹੈ, ਮੋਦੀ-ਮੋਦੀ ਕੋਈ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਜਿੱਥੇ ਚੋਣਾਂ ਹੋ ਰਹੀਆਂ ਹਨ, ਉੱਥੇ ਭਾਜਪਾ ਦੀਆਂ ਸੀਟਾਂ ਘੱਟ ਜਾਣਗੀਆਂ। ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ ਦਾ ਪਤਾ ਹੀ ਨਹੀਂ ਚੱਲੇਗਾ। ਮਲਿਕ ਇੱਥੇ ਹੀ ਨਹੀਂ ਰੁਕੇ। ਉਹਨਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਬੰਗਾਲ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ ਵਿਚ ਵੀ ਚੋਣਾਂ ਹਾਰੇਗੀ।

ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਮਲਿਕ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕਣਕ ਦੀ ਕੀਮਤ ਵਧੇਗੀ। ਇਸ ਤੋਂ ਪਹਿਲਾਂ ਹੀ ਪਾਣੀਪਤ ਵਿਚ ਅਡਾਨੀ ਲਈ ਗੋਦਾਮ ਬਣਾ ਦਿੱਤੇ ਗਏ। ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲਿਆ। ਜਦੋਂ ਅੰਦੋਲਨ ਖਤਮ ਹੋਇਆ ਤਾਂ ਕੁਝ ਮੁੱਖ ਮੰਗਾਂ ਸਨ। ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨੋਂ ਕਾਨੂੰਨ ਵਾਪਸ ਲੈ ਲਏ ਪਰ ਉਸ ਵੇਲੇ ਕੀਤਾ ਵਾਅਦਾ ਪੂਰਾ ਨਹੀਂ ਕੀਤਾ।

ਉਹਨਾਂ ਕਿਹਾ ਕਿ ਨਾ ਤਾਂ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲਏ ਗਏ ਹਨ ਅਤੇ ਨਾ ਹੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲਿਆ ਹੈ। ਐਮਐਸਪੀ ਗਾਰੰਟੀ ਕਾਨੂੰਨ ਦੀ ਕੋਈ ਗੱਲ ਨਹੀਂ ਹੈ। ਮਲਿਕ ਨੇ ਕਿਹਾ ਕਿ ਜੇਕਰ ਕਿਸਾਨ ਫਿਰ ਤੋਂ ਅੰਦੋਲਨ ਕਰਦੇ ਹਨ ਤਾਂ ਉਹ ਹਰ ਜਗ੍ਹਾ ਕਿਸਾਨਾਂ ਵਿਚਕਾਰ ਪਹੁੰਚਣਗੇ। ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਕੀਤੀ ਪਰ ਅੱਜ ਤੱਕ ਕੁਝ ਨਹੀਂ ਹੋਇਆ। ਉਹਨਾਂ ਕਿਹਾ ਕਿ ਜਦੋਂ ਉਹ ਰਾਜਪਾਲ ਸਨ ਤਾਂ ਉਹਨਾਂ 'ਤੇ ਕਾਫੀ ਦਬਾਅ ਸੀ ਪਰ ਉਹਨਾਂ ਨੇ ਇਹ ਦਬਾਅ ਨਹੀਂ ਮੰਨਿਆ।

ਉੱਤਰ ਪ੍ਰਦੇਸ਼ ਦੀ ਰਾਜਨੀਤੀ ਬਾਰੇ ਮਲਿਕ ਨੇ ਕਿਹਾ ਕਿ ਪੈਸੇ ਦੇ ਲਾਲਚ ਕਾਰਨ ਬਸਪਾ ਮੁਖੀ ਮਾਇਆਵਤੀ ਆ ਕੇ ਅੰਤ ਵਿਚ ਇਹ ਖੇਡ ਖੇਡਦੀ ਹੈ। ਉਹਨਾਂ ਕਿਹਾ ਕਿ ਬਾਕੀ ਭਾਜਪਾ ਨਾ ਤਾਂ ਪੰਜਾਬ ਜਿੱਤ ਰਹੀ ਹੈ ਅਤੇ ਨਾ ਹੀ ਹਰਿਆਣਾ। ਉਹਨਾਂ ਕਿਹਾ ਕਿ ਲੋਕ ਭਾਜਪਾ ਦੀ ਖੇਡ ਨੂੰ ਸਮਝ ਚੁੱਕੇ ਹਨ।