ਸਰਕਾਰ ਮੁੱਦਿਆਂ ਦਾ ਹੱਲ ਕਰਨ ਲਈ ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ: ਪੁਰੀ
ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈ ਗਈਆਂ ਹਨ
ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਬੈਠ ਕੇ ਮਸਲਿਆਂ ਦੇ ਹੱਲ ਲਈ ਸਰਕਾਰ ਇਛੁੱਕ ਹੈ। ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਇਕ ਪੰਦਰਵਾੜੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੇ ਨਾਲ ਲਗਦੀਆਂ ਹੋਰ ਸਰਹੱਦਾਂ, ਜਿਨ੍ਹਾਂ ਵਿਚ ਸਿੰਘੂ ਅਤੇ ਟਿਕਰੀ ਸਰਹੱਦਾਂ ’ਤੇ ਪ੍ਰਦਰਸਨ ਕਰ ਰਹੇ ਹਨ। ਉਹ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਐਚਡੀਸੀਸੀਆਈ ਦੇ ਇਕ ਆਨਲਾਈਨ ਪ੍ਰੋਗਰਾਮ ਵਿਚ ਪੁਰੀ ਨੇ ਕਿਹਾ ਕਿ ਮੈਂ ਦੁਖੀ ਹਾਂ ਕਿ ਬਹੁਤ ਸਾਰੇ ਲੋਕ ਜੋ ਵਿਰੋਧ ਕਰ ਰਹੇ ਹਨ, ਉਹ ਇਸ ਬਾਰੇ ਨਹੀਂ ਜਾਣਦੇ ਕਿ ਉਹ ਕਿਸ ਚੀਜ਼ ਦਾ ਵਿਰੋਧ ਕਰ ਰਹੇ ਹਨ ਸਰਕਾਰ ਅਜੇ ਵੀ ਸਾਰੇ ਕਿਸਾਨਾਂ ਨੂੰ ਸੰਦੇਸ਼ ਭੇਜ ਰਹੀ ਹੈ ਕਿ ਕਿਰਪਾ ਕਰ ਕੇ ਆਉ ਅਤੇ ਗੱਲ ਕਰੋ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਤਿੰਨ ਮੰਗਾਂ ਹਨ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਨੂੰ ਖ਼ਤਮ ਨਹੀਂ ਕੀਤਾ ਜਾਣਾ ਚਾਹੀਦਾ, ਮੰਡੀਆਂ ਬਰਕਰਾਰ ਰਹਿਣੀਆਂ ਚਾਹੀਦੀਆਂ ਹਨ ਅਤੇ ਕੋਈ ਵੀ ਗੁਪਤ ਤਰੀਕੇ ਨਾਲ ਕਿਸਾਨਾਂ ਦੀ ਜ਼ਮੀਨ ’ਤੇ ਕਬਜਾ ਨਹੀਂ ਕਰ ਸਕਦਾ- ਇਹ ਸਭ ਮੰਨ ਲਈਆਂ ਗਈਆਂ ਹਨ।
ਪੁਰੀ ਨੇ ਕਿਹਾ ਕਿ ਇਥੇ ਬਹੁਤ ਵੱਡੀ ਗ਼ਲਤਫਹਿਮੀ ਹੋਈ ਹੈ। ਅਸੀਂ ਬੈਠ ਕੇ ਕਿਸੇ ਨਾਲ ਵੀ ਗੱਲਬਾਤ ਕਰਨ ਅਤੇ ਕੋਈ ਹੱਲ ਲੱਭਣ ਲਈ ਤਿਆਰ ਹਾਂ।