ਮੋਰਚੇ ‘ਚ ਸਫਾਈ ਕਰ ਨੌਜਵਾਨ ਪਾ ਰਹੇ ਨੇ ਕਿਸਾਨੀ ਸ਼ੰਘਰਸ਼ ‘ਚ ਵੱਡਾ ਯੋਗਦਾਨ
ਨੌਜਵਾਨਾਂ ਨੇ ਘਰ ਬੈਠੇ ਪੰਜਾਬੀਆਂ ਨੂੰ ਸ਼ਾਂਤਮਈ ਸੰਘਰਸ਼ ਦਾ ਹਿੱਸਾ ਬਣਨ ਲਈ ਕੀਤੀ ਅਪੀਲ
ਨਵੀਂ ਦਿੱਲੀ (ਅਰਪਨ ਕੌਰ) : ਦਿੱਲੀ ਵਿਚ ਜਾਰੀ ਕਿਸਾਨਾਂ ਦੇ ਮੋਰਚੇ ਵਿਚ ਹਰ ਕੋਈ ਅਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਅਪਣੀ ਸਮਰੱਥਾ ਅਨੁਸਾਰ ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ, ਕੋਈ ਗਰਮ ਕੱਪੜਿਆਂ ਦੀ ਸੇਵਾ ਕਰ ਰਿਹਾ ਹੈ ਤਾਂ ਕੋਈ ਮੈਡੀਕਲ ਕੈਂਪ ਲਗਾ ਕੇ ਸੇਵਾ ਕਰ ਰਿਹਾ ਹੈ।
ਇਸ ਦੇ ਚਲਦਿਆਂ ਸੰਸਥਾ ‘ਫਿਕਰ ਏ ਹੋਂਦ’ ਦੇ ਨੌਜਵਾਨਾਂ ਨੇ ਮੋਰਚੇ ਵਾਲੀਆਂ ਥਾਵਾਂ ‘ਤੇ ਕੂੜਾ ਚੁੱਕਣ ਦਾ ਕੰਮ ਸੰਭਾਲਿਆ ਹੈ। ਵੱਖ-ਵੱਖ ਥਾਵਾਂ ‘ਤੇ ਖੜੀਆਂ ਕਿਸਾਨਾਂ ਦੀ ਟਰਾਲੀਆਂ ਤੇ ਲੰਗਰ ਵਾਲੀਆਂ ਥਾਵਾਂ ‘ਤੇ ਸਫਾਈ ਰੱਖਣ ਲਈ ਨੌਜਵਾਨਾਂ ਵੱਲੋਂ ਇਹ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ।
ਜਲੰਧਰ ਤੋਂ ਦਿੱਲੀ ਮੋਰਚੇ ‘ਤੇ ਪਹੁੰਚੇ ਨੌਜਵਾਨ ਨੇ ਕਿਹਾ ਕਿ ਉਹਨਾਂ ਦੀ ਟੀਮ ਦੇ 15 ਤੋਂ 20 ਨੌਜਵਾਨ ਮੋਰਚੇ ਵਾਲੀਆਂ ਥਾਵਾਂ ‘ਤੇ ਸਫਾਈ ਕਰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਸੇਵਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਜਾਂਦੀ ਹੈ, ਉਹ ਉਸ ਅਨੁਸਾਰ ਕੰਮ ਕਰ ਰਹੇ ਹਨ। ਉਹ ਇੱਥੇ 26 ਨਵੰਬਰ ਤੋਂ ਹੀ ਕਿਸਾਨਾਂ ਦੇ ਨਾਲ ਡਟੇ ਹੋਏ ਹਨ।
ਉਹਨਾਂ ਕਿਹਾ ਕਿ ਇਸ ਸੰਘਰਸ਼ ਵਿਚ ਹਰ ਕਿਸੇ ਨੂੰ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਇਹ ਇਤਿਹਾਸਕ ਸੰਘਰਸ਼ ਹੋਣ ਵਾਲਾ ਹੈ। ਉਹਨਾਂ ਨੇ ਘਰ ਬੈਠੇ ਨੌਜਵਾਨਾਂ ਨੂੰ ਸ਼ਾਂਤਮਈ ਸੰਘਰਸ਼ ਦਾ ਹਿੱਸਾ ਬਣਨ ਲਈ ਅਪੀਲ ਕੀਤੀ। ਟੀਮ ਦੇ ਮੁਖੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਲੋੜਵੰਦਾਂ ਦੀ ਸੇਵਾ ਲਈ ਕਈ ਮੁਹਿੰਮਾਂ ਚਲਾ ਰਹੀ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਪਣੀ ਅੜੀ ਛੱਡ ਕੇ ਕਿਸਾਨਾਂ ਦੀ ਗੱਲ ਸੁਣੇ ਤੇ ਖੇਤੀ ਕਾਨੂੰਨ ਰੱਦ ਕਰੇ।