ਸਕੂਲ ਦੇ ਸਲਾਨਾ ਖੇਡ ਮੁਕਾਬਲੇ 'ਚ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦਿਆਰਥੀ ਆਈ.ਸੀ.ਯੂ. 'ਚ ਦਾਖਲ, ਹਾਲਤ ਖ਼ਤਰੇ ਤੋਂ ਬਾਹਰ 

Image

 

ਬਲਾਂਗੀਰ - ਓਡੀਸ਼ਾ ਦੇ ਬਲਾਂਗਿਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਸ਼ਨੀਵਾਰ ਨੂੰ ਸਾਲਾਨਾ ਖੇਡ ਮੁਕਾਬਲੇ ਦੌਰਾਨ ਇੱਕ ਨੇਜੇ ਦੇ ਗਰਦਨ ਦੇ ਆਰ-ਪਾਰ ਹੋ ਜਾਣ ਕਾਰਨ 9ਵੀਂ ਜਮਾਤ ਦਾ ਇੱਕ ਵਿਦਿਆਰਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 

ਅਧਿਕਾਰੀਆਂ ਨੇ ਦੱਸਿਆ ਕਿ ਸਦਾਨੰਦ ਮਿਹਰ ਨਾਂਅ ਦੇ ਵਿਦਿਆਰਥੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।

ਅਗਲਪੁਰ ਬਾਇਜ਼ ਪੰਚਾਇਤ ਹਾਈ ਸਕੂਲ ਵਿੱਚ ਅਭਿਆਸ ਸੈਸ਼ਨ ਦੌਰਾਨ, ਇੱਕ ਵਿਦਿਆਰਥੀ ਨੇ ਇੱਕ ਜੈਵਲਿਨ ਸੁੱਟਿਆ, ਜੋ ਮਿਹਰ ਦੀ ਗਰਦਨ ਦੇ ਆਰ-ਪਾਰ ਹੋ ਗਿਆ। 

ਮਿਹਰ ਨੂੰ ਤੁਰੰਤ ਬਲਾਂਗਿਰ ਦੇ ਭੀਮਾ ਭੋਈ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨੇਜਾ ਉਸ ਦੀ ਗਰਦਨ ਵਿੱਚੋਂ ਬਾਹਰ ਕੱਢਿਆ। ਮਿਹਰ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਹੈ।

ਬਲਾਂਗਿਰ ਦੇ ਜ਼ਿਲ੍ਹਾ ਮੈਜਿਸਟਰੇਟ ਚੰਚਲ ਰਾਣਾ ਨੇ ਦੱਸਿਆ, “ਸਕੂਲ ਵਿੱਚ ਇੱਕ ਖੇਡ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ ਅਤੇ ਇਹ ਮੰਦਭਾਗੀ ਘਟਨਾ ਵਾਪਰ ਗਈ। ਸਾਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਵਿਦਿਆਰਥੀ ਦੀ ਹਾਲਤ ਖਤਰੇ ਤੋਂ ਬਾਹਰ ਹੈ।”

ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਵਿਦਿਆਰਥੀ ਦੇ ਪਰਿਵਾਰ ਨੂੰ 30,000 ਰੁਪਏ ਦੀ ਤੁਰੰਤ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਿਰਦੇਸ਼ ਦਿੱਤਾ ਹੈ ਕਿ ਵਿਦਿਆਰਥੀ ਦਾ ਬਿਹਤਰ ਇਲਾਜ ਕੀਤਾ ਜਾਵੇ ਅਤੇ ਇਸ ਲਈ ਮੁੱਖ ਮੰਤਰੀ ਰਾਹਤ ਫ਼ੰਡ ਵਿੱਚੋਂ ਲੋੜੀਂਦੀ ਰਕਮ ਦਿੱਤੀ ਜਾਵੇ।

ਹਾਦਸੇ ਬਾਰੇ ਗੱਲ ਕਰਦੇ ਹੋਏ ਬੱਚੇ ਦੇ ਚਾਚਾ ਅਚਿਉਤਾਨੰਦ ਮਿਹਰ ਨੇ ਕਿਹਾ, "ਸਕੂਲ ਪ੍ਰਬੰਧਕਾਂ ਨੇ ਮੈਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਮੈਂ ਹਸਪਤਾਲ ਪਹੁੰਚਿਆ।"

ਹਾਦਸੇ ਤੋਂ ਬਾਅਦ ਖੇਡ ਮੁਕਾਬਲੇ ਮੁਲਤਵੀ ਕਰ ਦਿੱਤੇ ਗਏ ਹਨ।