ਸੀਬੀਆਈ ਦੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਮੋਦੀ ਦੀ ਮੌਜੂਦਗੀ ‘ਚ ਹੋਵੇਗੀ ਕਮੇਟੀ ਦੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਹੀ ਵਿਚ 24 ਜਨਵਰੀ ਨੂੰ ਸਿਲੈਕਸ਼ਨ ਕਮੇਟੀ ਦੀ ਬੈਠਕ ਹੋਵੇਗੀ। ਬੈਠਕ ਵਿਚ ਚੀਫ਼...

CBI

ਨਵੀਂ ਦਿੱਲੀ : ਸੀਬੀਆਈ ਦੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਹੀ ਵਿਚ 24 ਜਨਵਰੀ ਨੂੰ ਸਿਲੈਕਸ਼ਨ ਕਮੇਟੀ ਦੀ ਬੈਠਕ ਹੋਵੇਗੀ। ਬੈਠਕ ਵਿਚ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਲੋਕ ਸਭਾ ਵਿਚ ਨੇਤਾ ਵਿਰੋਧੀ ਪੱਖ ਮੱਲਿਕਾਰਜੁਨ ਖੜਗੇ ਵੀ ਮੌਜੂਦ ਰਹਿਣਗੇ। ਆਲੋਕ ਵਰਮਾ ਨੂੰ ਸੀਬੀਆਈ ਚੀਫ਼ ਅਹੁਦੇ ਤੋਂ ਹਟਾਉਣ ਤੋਂ ਬਾਅਦ ਤੋਂ ਹੀ ਇਹ ਪੋਸਟ ਖ਼ਾਲੀ ਹੈ। ਉਨ੍ਹਾਂ ਤੋਂ ਬਾਅਦ ਐਮ ਨਾਗੇਸ਼ਵਰ ਰਾਵ ਨੂੰ ਅੰਤਰਿਮ ਨਿਰਦੇਸ਼ਕ ਬਣਾਇਆ ਗਿਆ।

ਇਕ ਦਿਨ ਪਹਿਲਾਂ ਹੀ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਨਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਸਿਲੈਕਸ਼ਨ ਕਮੇਟੀ ਦੀ ਤੁਰਤ ਬੈਠਕ ਬੁਲਾਉਣ ਦੀ ਮੰਗ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਆਲੋਕ ਵਰਮਾ ਨੂੰ ਸੀਬੀਆਈ ਦੇ ਡਾਇਰੈਕਟਰ ਅਹੁਦੇ ਤੋਂ ਹਟਾਉਣ ਨਾਲ ਜੁੜੇ ਸਾਰੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਸਰਵਜਨਿਕ ਕਰਨ ਦੀ ਵੀ ਮੰਗ ਕੀਤੀ ਸੀ। ਖੜਗੇ ਨੇ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਵਿਚ ਸਰਕਾਰ ਦੀ ਨੀਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਸੀਬੀਆਈ ਆਜ਼ਾਦ ਰੂਪ ਨਾਲ ਕੰਮ ਕਰੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਾਲੀ ਉੱਚ ਅਧਿਕਾਰ ਸੰਗ੍ਰਹਿ ਕਮੇਟੀ ਨੇ 2:1 ਨਾਲ ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੂੰ ਸੀਬੀਆਈ ਡਾਇਰੈਕਟਰ ਅਹੁਦੇ ਤੋਂ ਹਟਾ ਦਿਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਡਿਫ਼ੈਂਸ, ਫਾਇਰ ਸਰਵਿਸੇਜ਼ ਅਤੇ ਹੋਮਗਾਰਡ ਵਿਭਾਗ ਦਾ ਮਹਾਨਿਰਦੇਸ਼ਕ ਬਣਾਇਆ ਗਿਆ ਸੀ ਪਰ ਇਕ ਦਿਨ ਬਾਅਦ ਹੀ ਉਨ੍ਹਾਂ ਨੇ ਅਪਣਾ ਅਸਤੀਫ਼ਾ ਦੇ ਦਿਤਾ। 

ਦਰਅਸਲ, ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੀ ਜਾਂਚ ਰਿਪੋਰਟ ਵਿਚ ਭ੍ਰਿਸ਼ਟਾਚਾਰ ਅਤੇ ਕਰਤੱਵਾਂ ਦੀ ਪਾਲਣਾ ਵਿਚ ਲਾਪਰਵਾਹੀ ਦੇ ਦੋਸ਼ਾਂ ਦੇ ਕਾਰਨ ਆਲੋਕ ਵਰਮਾ ਨੂੰ ਡਾਇਰੈਕਟਰ ਅਹੁਦੇ ਤੋਂ ਹਟਣਾ ਪਿਆ। ਸੀਵੀਸੀ ਰਿਪੋਰਟ ਵਿਚ ਖ਼ੂਫ਼ੀਆ ਏਜੰਸੀ ਰਾ ਦੀ ਟੈਲੀਫ਼ੋਨ ਨਿਗਰਾਨੀ ਦਾ ਹਵਾਲਾ ਦਿਤਾ ਗਿਆ।