ਭਾਰੀ ਬਰਫਬਾਰੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੋਇਆ ਮੁਸ਼ਕਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਆਉਣ ਵਾਲੇ ਰਸਤੇ ’ਤੇ ਫਸੇ ਟਰੱਕ

File

ਕਸ਼ਮੀਰ, ਜੰਮੂ, ਸ਼੍ਰੀਨਗਰ, ਦੇਹਰਾਦੂਨ, ਸ਼ਿਮਲਾ ਸਮੇਤ ਉਤਰਾਖੰਡ ਵਿਚ ਭਾਰੀ ਬਰਫਬਾਰੀ ਜਾਰੀ ਹੈ, ਜਿਸ ਨਾਲ ਪਹਾੜਾਂ ਦੀਆਂ ਚੋਟੀਆਂ ਪੂਰੀ ਤਰ੍ਹਾਂ ਬਰਫ ਨਾਲ ਢਕੀਆਂ ਹੋਈਆਂ ਹਨ। 4 ਦਿਨ ਬਾਅਦ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਨੂੰ ਇਕਤਰਫਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। 

ਕਈ ਥਾਵਾਂ ’ਤੇ ਜ਼ਮੀਨ ਖਿਸਕਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜੰਮੂ ਆਉਣ ਵਾਲੇ ਰਸਤੇ ’ਤੇ 1000 ਤੋਂ ਜ਼ਿਆਦਾ ਟਰੱਕ ਫਸੇ ਹੋਏ ਹਨ। ਰਾਮਬਨ ਵਿਚ ਫਸੇ 100 ਹਲਕੇ ਮੋਟਰ ਵਾਹਨਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 

ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਘੱਟ ਵਿਜ਼ੀਬਿਲਟੀ ਕਾਰਣ ਸ਼ੁੱਕਰਵਾਰ ਸਵੇਰੇ ਉਡਾਣਾਂ ਪ੍ਰਭਾਵਿਤ ਹੋਣ ਤੋਂ ਬਾਅਦ ਸੰਚਾਲਨ ਆਮ ਵਾਂਗ ਹੋ ਗਿਆ। ਕੁੱਲੂ, ਚੰਬਾ ਅਤੇ ਸ਼ਿਮਲਾ ਜ਼ਿਲਾ ਪ੍ਰਸ਼ਾਸਨਾਂ ਨੇ ਖਰਾਬ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ।

ਜਿਸ ਅਨੁਸਾਰ ਸੈਲਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖਰਾਬ ਮੌਸਮ ਕਾਰਣ ਸੁਰੱਖਿਅਤ ਥਾਵਾਂ ’ਤੇ ਹੀ ਰਹਿਣ ਅਤੇ ਜੇਕਰ ਹਿਮਾਚਲ ਘੁੰਮਣ ਆ ਰਹੇ ਹੋ ਤਾਂ ਪਹਿਲਾਂ ਮੌਸਮ ਦਾ ਮਿਜਾਜ਼ ਦੇਖ ਲਵੋ। ਜ਼ਰੂਰੀ ਨਾ ਹੋਵੇ ਤਾਂ ਬਰਫਬਾਰੀ ਅਤੇ ਬਾਰਿਸ਼ ਦੌਰਾਨ ਘਰਾਂ ਵਿਚੋਂ ਨਾ ਨਿਕਲੋ। 

ਜੇਕਰ ਕੁਫਰੀ ਅਤੇ ਉਪਰੀ ਖੇਤਰਾਂ ਵਲ ਜਾਣਾ ਹੈ ਤਾਂ ਦਿਨ ਦੇ ਸਮੇਂ ਹੀ ਜਾਓ। ਦੇਰ ਸ਼ਾਮ ਨੂੰ ਆਪਣੀ ਯਾਤਰਾ ਰੱਦ ਕਰ ਦਿਓ ਜਾਂ ਯਾਤਰਾ ਕਰਨ ਤੋਂ ਪਹਿਲਾਂ 1077 ’ਤੇ ਕਾਲ ਕਰ ਕੇ ਮੌਸਮ ਅਤੇ ਰਸਤੇ ਦੀ ਜਾਣਕਾਰੀ ਪ੍ਰਾਪਤ ਕਰ ਲਓ।