ਸਰਕਾਰ ਗਲਤਫ਼ਹਿਮੀ 'ਚ ਨਾ ਰਹੇ, ਜਰੂਰਤ ਪਈ ਤਾਂ ਅਪਣੀ ਫ਼ਸਲ ਵੀ ਜਲਾ ਦੇਣਗੇ ਕਿਸਾਨ: ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ...

Rakesh Tikait

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਕੇਂਦਰ ਸਰਕਾਰ ਨੂੰ ਕਿਸੇ ਵੀ ਗਲਤਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਫਸਲ ਦੀ ਕਟਾਈ ਲਈ ਵਾਪਸ ਘਰਾਂ ਨੂੰ ਚਲੇ ਜਾਣਗੇ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਲਗਦਾ ਹੈ ਕਿ ਫਸਲ ਦੀ ਕਟਾਈ ਆਉਣ ਵਾਲੀ ਹੈ ਇਹ 1 ਮਹੀਨੇ ਲਈ ਘਰ ਚਲੇ ਜਾਣਗੇ ਪਰ ਰਾਜਸਥਾਨ ਅਤੇ ਪੰਜਾਬ ‘ਚ ਫਸਲ ਦੀ ਕਟਾਈ ਵਿਚ 1 ਮਹੀਨੇ ਦਾ ਅੰਤਰ ਹੈ।

ਰਾਜਸਥਾਨ ਦੇ ਕਿਸਾਨ ਫਸਲ ਕੱਟਕੇ ਆਉਣ ਤਾਂ ਪੰਜਾਬ ਵਾਲੇ ਕਿਸਾਨ ਅਪਣੀ ਫਸਲ ਕੱਟਣ ਲਈ ਚਲੇ ਜਾਣਗੇ। ਉਨ੍ਹਾਂ ਕਿਹਾ ਜੇਕਰ ਉਹ ਸਾਨੂੰ ਮਜਬੂਰ ਕਰਨਗੇ ਤਾਂ ਅਸੀਂ ਆਪਣੀਆਂ ਫਸਲਾਂ ਨੂੰ ਅੱਗ ਲਗਾ ਦੇਵਾਂਗੇ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਵਿਰੋਧ 2 ਮਹੀਨੇ ਵਿੱਚ ਖਤਮ ਹੋ ਜਾਵੇਗਾ। ਅਸੀਂ ਫਸਲ ਦੇ ਨਾਲ-ਨਾਲ ਵਿਰੋਧ ਵੀ ਕਰਾਂਗੇ।

ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਖਰਕਪੁਨੀਆਂ ਵਿੱਚ ਆਰੰਭੀ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਫਸਲਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ, ਪਰ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ।  ਕੇਂਦਰ ਨੇ ਹਾਲਤ ਨੂੰ ਬਰਬਾਦ ਕਰ ਦਿੱਤਾ ਹੈ, ਜੇਕਰ ਜ਼ਰੂਰਤ ਹੋਈ ਤਾਂ ਅਸੀਂ ਆਪਣੇ ਟਰੈਕਟਰਾਂ ਨੂੰ ਪੱਛਮ ਬੰਗਾਲ ‘ਚ ਵੀ ਲੈ ਜਾਵਾਂਗੇ, ਕਿਉਂਕਿ ਉੱਥੇ ਵੀ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਹੈ।

ਟਿਕੈਤ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਗਲਾ ਟਿੱਚਾ 40 ਲੱਖ ਟਰੈਕਟਰਾਂ ਦਾ ਹੈ, ਪੂਰੇ ਦੇਸ਼ ਵਿੱਚ ਜਾਕੇ 40 ਲੱਖ ਟਰੈਕਟਰ ਇਕੱਠੇ ਕਰਨਗੇ। ਜ਼ਿਆਦਾ ਤੰਗ ਕੀਤਾ ਤਾਂ ਇਹ ਟਰੈਕਟਰ ਵੀ ਉਥੇ ਹੀ ਹਨ, ਇਹ ਕਿਸਾਨ ਵੀ ਉਹੀ ਹਨ, ਇਹ ਫਿਰ ਦਿੱਲੀ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦੇ ਪਰਖ ਰਹੀ ਹੈ। ਟਿਕੈਤ ਨੇ ਕਿਹਾ ਕਿ ਕਾਨੂੰਨ ਵਾਪਸੀ ਤੱਕ ਕਿਸਾਨ ਘਰ ਨਹੀਂ ਜਾਣਗੇ। ਕਾਨੂੰਨ ਵਾਪਸੀ ਨਾਲ ਹੀ ਕਿਸਾਨਾਂ ਦੀ ਘਰ ਵਾਪਸੀ ਯਕੀਨਨ ਹੋਵੇਗੀ। ਇਸਦੇ ਨਾਲ ਹੀ ਸਰਕਾਰ ਨੂੰ ਐਮਐਸਪੀ ਉੱਤੇ ਕਨੂੰਨ ਵੀ ਲਿਆਉਣਾ ਹੋਵੇਗਾ।