ਉਤਰਾਖੰਡ ਕੈਬਨਿਟ ਦਾ ਵੱਡਾ ਫੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨਹੀਂ ਹੋਵੇਗੀ ਹੱਕਦਾਰ
ਦੇਹਰਾਦੂਨ: ਉਤਰਾਖੰਡ ਵਿਚ ਤ੍ਰਿਵੇਂਦਰ ਸਿੰਘ ਰਾਵਤ ਦੀ ਸਰਕਾਰ ਨੇ ਬੀਤੇ ਦਿਨ ਹੋਈ ਕੈਬਨਿਟ ਬੈਠਕ ਵਿਚ ਸੂਬੇ ਦੀਆਂ ਔਰਤਾਂ ਲਈ ਵੱਡਾ ਫੈਸਲਾ ਲਿਆ ਹੈ।ਕੈਬਨਿਟ ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਹੁਣ ਪਤੀ ਦੀ ਜਾਇਦਾਦ ਵਿਚ ਔਰਤਾਂ ਵੀ ਭਾਈਵਾਲ ਹੋਣਗੀਆਂ। ਰਿਕਾਰਡ ਵਿਚ ਪਤੀ ਦੀ ਜੱਦੀ ਜਾਇਦਾਦ ਵਿਚ ਔਰਤ ਦਾ ਨਾਂਅ ਵੀ ਦਰਜ ਹੋਵੇਗਾ।
ਇਸ ਦੀ ਮਦਦ ਨਾਲ ਔਰਤ ਨੂੰ ਵੀ ਅਸਾਨੀ ਨਾਲ ਕਰਜ਼ਾ ਮਿਲ ਸਕੇਗਾ। ਇਸ ਤੋਂ ਇਲਾਵਾ ਔਰਤ ਨੂੰ ਅਪਣੀ ਹਿੱਸੇ ਦੀ ਜਾਇਦਾਦ ਵੇਚਣ ਦਾ ਵੀ ਅਧਿਕਾਰ ਹੋਵੇਗਾ। ਹਾਲਾਂਕਿ ਇਹ ਅਧਿਕਾਰ ਜੱਦੀ ਜਾਇਦਾਦ ‘ਤੇ ਹੀ ਮਿਲੇਗਾ। ਮੰਤਰੀ ਮੰਡਲ ਨੇ ਉਤਰਾਖੰਡ (ਉੱਤਰ ਪ੍ਰਦੇਸ਼) ਲੈਂਡ ਜ਼ਮੀਂਦਰੀ ਵਿਨਾਸ਼ ਅਤੇ ਭੂਮੀ ਪ੍ਰਣਾਲੀ ਐਕਟ 1950 ਸੋਧ ਆਰਡੀਨੈਂਸ 2021 ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੈਬਨਿਟ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਪਤਨੀ ਤਲਾਕ ਲੈ ਕੇ ਕਿਸੇ ਦੂਜੇ ਵਿਅਕਤੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਇਹ ਲਾਭ ਨਹੀਂ ਮਿਲੇਗਾ। ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਫੈਸਲੇ ‘ਤੇ ਮੋਹਰ ਲਗਾ ਦਿੱਤੀ ਗਈ।
ਦੱਸ ਦਈਏ ਕਿ ਇਸ ਸਬੰਧੀ ਮੰਤਰੀ ਮੰਡਲ ਨੇ ਨਵੰਬਰ 2020 ਵਿਚ ਫੈਸਲਾ ਕੀਤਾ ਸੀ, ਇਸ ‘ਤੇ ਫੈਸਲਾ ਲੈਣ ਲਈ ਮੰਤਰੀ ਮੰਡਲ ਨੇ ਮੁੱਖ ਸਕੱਤਰ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਅਪਣੀ ਸਿਫਾਰਸ਼ ਮੰਤਰੀ ਮੰਡਲ ਨੂੰ ਦੇ ਦਿੱਤੀ ਅਤੇ ਮੰਤਰੀ ਮੰਡਲ ਨੇ ਇਹਨਾਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।