'ਚੌਕੀਦਾਰ ਚੋਰ ਹੈ' ਇਸ਼ਤਿਹਾਰ 'ਤੇ ਚੋਣ ਕਮਿਸ਼ਨ ਨੇ ਰੋਕ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਭਾਜਪਾ ਦੇ ਵਫ਼ਦ ਨੇ ਕੀਤੀ ਸੀ ਸ਼ਿਕਾਇਤ

Congress "Chowkidar Chor Hai" Ad in Madhya Pradesh Banned By Election Commission

ਨਵੀਂ ਦਿੱਲੀ : ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ 'ਚੌਕੀਦਾਰ ਚੋਰ ਹੈ' ਉੱਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਚੋਣ ਕਮਿਸ਼ਨ ਨੇ ਇਕ ਆਦੇਸ਼ ਜਾਰੀ ਕਰ ਕੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਕੁਲੈਕਟਰਾਂ ਨੂੰ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਇਸ਼ਤਿਹਾਰ 'ਚੌਕੀਦਾਰ ਚੋਰ ਹੈ' ਦੇ ਪ੍ਰਸਾਰਣ 'ਤੇ ਤੁਰੰਤ ਰੋਕ ਲਗਾਈ ਜਾਵੇ। 

ਦਰਅਸਲ ਕਾਂਗਰਸ ਨੇ ਲੋਕ ਸਭਾ ਚੋਣ ਪ੍ਰਚਾਰ ਲਈ 'ਚੌਕੀਦਾਰ ਚੋਰ ਹੈ' ਇਸ਼ਤਿਹਾਰ ਬਣਾਏ ਹਨ। ਇਨ੍ਹਾਂ 'ਚ ਦੋ ਆਡੀਓ ਅਤੇ ਇਕ ਵੀਡੀਓ ਹੈ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਮੋਦੀ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਮੱਧ ਪ੍ਰਦੇਸ਼ ਭਾਜਪਾ ਨੇ ਇਨ੍ਹਾਂ ਇਸ਼ਤਿਹਾਰਾਂ 'ਤੇ ਇਤਰਾਜ਼ ਪ੍ਰਗਟਾਉਂਦਿਆਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ। 16 ਅਪ੍ਰੈਲ ਨੂੰ ਮੱਧ ਪ੍ਰਦੇਸ਼ ਭਾਜਪਾ ਦੇ ਇਕ ਵਫ਼ਦ ਨੇ ਸ਼ਿਕਾਇਤ ਕੀਤੀ ਸੀ ਕਿ 'ਚੌਕੀਦਾਰ ਚੋਰ ਹੈ' ਇਸ਼ਤਿਹਾਰ ਨਾਲ ਕਾਂਗਰਸ ਪ੍ਰਧਾਨ ਮੰਤਰੀ ਮੋਦੀ ਦਾ ਅਕਸ ਖ਼ਰਾਬ ਕਰ ਰਹੀ ਹੈ, ਕਿਉਂਕਿ ਸਾਰੇ ਜਾਣਦੇ ਹਨ ਕਿ ਚੌਕੀਦਾਰ ਦਾ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ।

ਉਨ੍ਹਾਂ ਦਲੀਲ ਦਿੱਤੀ ਕਿ ਕਿਸੇ ਵੀ ਸਿਆਸੀ ਇਸ਼ਤਿਹਾਰ 'ਚ ਕਿਸੇ 'ਤੇ ਦੋਸ਼ ਨਹੀਂ ਲਗਾਇਆ ਜਾ ਸਕਦਾ। ਇਸ ਲਈ ਇਸ਼ਤਿਹਾਰ 'ਤੇ ਤੁਰੰਤ ਰੋਕ ਲਗਾਈ ਜਾਵੇ।ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਵੀ.ਐਲ. ਕਾਂਤਾ ਰਾਵ ਨੇ ਇਸ਼ਤਿਹਾਰ ਦੇ ਪ੍ਰਸਾਰਨ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ। ਕਾਂਤਾ ਰਾਵ ਨੇ ਆਪਣੇ ਆਦੇਸ਼ 'ਚ ਕਿਹਾ ਕਿ ਕਮਿਸ਼ਨ ਵਲੋਂ ਤੈਅ ਮਾਨਕਾਂ ਦੇ ਆਧਾਰ 'ਤੇ ਕਾਂਗਰਸ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੇ ਨਾਲ ਨੋਟਿਸ ਜਾਰੀ ਕੀਤਾ ਗਿਆ ਹੈ।