ਚੋਰਾਂ ਦਾ ਸਾਥ ਦੇ ਰਿਹੈ ਚੌਕੀਦਾਰ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਚੋਰ' ਉਦਯੋਗਪਤੀਆਂ ਦੀਆਂ ਜੇਬਾਂ ਵਿਚੋਂ ਆਏਗਾ ਨਿਆਏ ਲਈ ਪੈਸਾ 

Rahul Gandhi

ਬੋਕਾਖਾਟ (ਆਸਾਮ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਵਕਾਰੀ 'ਨਿਆਏ' ਯੋਜਨਾ ਲਈ ਸਾਰਾ ਧਨ 'ਚੋਰ' ਉਦਯੋਗਪਤੀਆਂ ਦੀਆਂ ਜੇਬਾਂ ਵਿਚੋਂ ਆਏਗਾ ਜਿਨ੍ਹਾਂ ਦਾ ਚੌਕੀਦਾਰ ਨਰਿੰਦਰ ਮੋਦੀ ਸਾਥ ਦਿੰਦੇ ਹਨ। ਉਪਰੀ ਆਸਾਮ ਦੇ ਬੋਕਾਖਾਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਉਹ ਨਿਆਏ ਯੋਜਨਾ ਤਹਿਤ ਭਾਰਤ ਦੇ 20 ਫ਼ੀ ਸਦੀ ਗ਼ਰੀਬ ਪਰਵਾਰਾਂ ਦੇ ਖਾਤਿਆਂ ਵਿਚ ਹਰ ਸਾਲ 72000 ਰੁਪਏ ਜਮ੍ਹਾਂ ਕਰਾਏਗੀ।

ਉਨ੍ਹਾਂ ਕਿਹਾ, 'ਮੋਦੀ ਨੇ ਲੋਕਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਇਹ ਸਿਰਫ਼ ਅੰਬਾਨੀ ਜਿਹੇ ਕੁੱਝ ਅਮੀਰ ਉਦਯੋਗਪਤਆਂ ਦੇ ਮਾਮਲਿਆਂ ਵਿਚ ਹੀ ਕੀਤਾ ਹੈ। ਪੈਸੇ ਅੰਬਾਨੀ ਜਿਹੇ ਚੋਰ ਉਦਯੋਗਪਤੀਆਂ ਦੀਆਂ ਜੇਬਾਂ ਵਿਚੋਂ ਆਉਣਗੇ ਜਿਨ੍ਹਾਂ ਨੂੰ ਚੌਕੀਦਾਰ ਨਰਿੰਦਰ ਮੋਦੀ ਨੇ ਪਿਛਲੇ ਚਾਰ ਸਾਲ ਵਿਚ ਪੈਸੇ ਦਿਤੇ ਹਨ। ਅਸੀਂ ਜਾਤ, ਧਰਮ ਅਤੇ ਸਮਾਜਕ ਪੱਧਰ ਤੋਂ ਉਪਰ ਸਾਰੇ ਗ਼ਰੀਬਾਂ ਖ਼ਾਸਕਰ ਔਰਤਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਾਵਾਂਗੇ।' 

ਪਾਰਟੀ ਨੇ ਘੱਟੋ ਘੱਟ ਆਮਦਨ ਯੋਜਨਾ (ਨਿਆਏ) ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ ਜਿਸ ਤਹਿਤ ਗ਼ਰੀਬ ਪਰਵਾਰ ਦੀਆਂ ਔਰਤਾਂ ਨੂੰ ਹਰ ਸਾਲ 72000 ਰੁਪਏ ਦੇਣ ਦੀ ਗੱਲ ਕਹੀ ਗਈ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੌਕੀਦਾਰਾਂ ਨੂੰ ਅਮੀਰ ਲੋਕ ਨੌਕਰੀ 'ਤੇ ਰਖਦੇ ਹਨ ਅਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹੋ ਬਣਾ ਦਿਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਅਪਣੇ ਸਿਖਰ 'ਤੇ ਹੈ। ਜੇ ਕਾਂਗਰਸ ਸੱਤਾ ਵਿਚ ਆਈ ਤਾਂ ਅਜਿਹੇ ਸੁਖਦ ਹਾਲਾਤ ਪੈਦਾ ਕੀਤੇ ਜਾਣਗੇ ਕਿ ਨੌਜਵਾਨ ਅਪਣੇ ਲਈ ਸਵੇਰੇ ਰੁਜ਼ਗਾਰ ਸ਼ੁਰੂ ਕਰ ਸਕਣ। ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ 'ਤੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਨਹੀਂ ਹੋਣ ਦਿਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਉਤਰ ਪੂਰਬ ਦੇ ਰਾਜਾਂ ਨੂੰ ਦੁਬਾਰਾ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਕੀਤਾ।  (ਏਜੰਸੀ)