ਕੀ ਮੋਦੀ ਸਿਰਫ਼ ਗੁਜਰਾਤ ਦਾ ਪ੍ਰਧਾਨ ਮੰਤਰੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝੱਖੜ ਪਿੱਛੋਂ ਸਿਰਫ਼ ਗੁਜਰਾਤ ਲਈ ਫੰਡ ਜਾਰੀ ਕਰਨ ਦਾ ਮਾਮਲਾ

Narendra Modi

ਨਵੀਂ ਦਿੱਲੀ: ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਇਲਾਕਿਆਂ ਵਿਚ ਹਨ੍ਹੇਰੀ-ਤੂਫ਼ਾਨ ਨਾਲ ਕਹਿਰ ਅਜੇ ਵੀ ਜਾਰੀ ਹੈ। ਹੁਣ ਤੱਕ 31 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਰਜਨਾਂ ਜਖ਼ਮੀ ਹਨ। ਕੁਦਰਤੀ ਆਫ਼ਤ ਦੇ ਦੌਰਾਨ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਜ਼ਖ਼ਮੀਆਂ ਲਈ ਦੁੱਖ ਜਤਾਇਆ ਅਤੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਪਰ ਉਨ੍ਹਾਂ ਨੇ ਅਜਿਹਾ ਸਿਰਫ਼ ਗੁਜਰਾਤ ਲਈ ਕੀਤਾ।

ਇਸ ਉਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਨਿਸ਼ਾਨਾ ਸਾਧਿਆ ਹੈ। ਦੋਵਾਂ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਉਤੇ ਅਜਿਹੇ ਸਮਾਂ ਵਿਚ ਵੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ। ਦਰਅਸਲ, ਬੁੱਧਵਾਰ ਸਵੇਰੇ ਜਿਵੇਂ ਹੀ ਕੁਦਰਤੀ ਆਫ਼ਤ ਦੀ ਖ਼ਬਰ ਆਈ ਤਾਂ ਹਰ ਕਿਸੇ ਨੂੰ ਫ਼ਿਕਰ ਹੋਈ। ਕੁਝ ਹੀ ਦੇਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਆਇਆ, ਉਨ੍ਹਾਂ ਨੇ ਅਪਣੇ ਟਵਿੱਟਰ ਹੈਂਡਲ @narendramodi ਤੋਂ ਨੁਕਸਾਨ ਉਤੇ ਦੁੱਖ ਜਤਾਇਆ।

ਪ੍ਰਧਾਨ ਮੰਤਰੀ ਦੇ ਟਵੀਟ ਦੇ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਦੇ ਟਵਿੱਟਰ ਹੈਂਡਲ @pmoindia ਤੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ। ਇਥੋਂ ਟਵੀਟ ਕੀਤਾ ਗਿਆ ਕਿ ਗੁਜਰਾਤ ਵਿਚ ਜਿਨ੍ਹਾਂ ਲੋਕਾਂ ਦੀ ਹਨ੍ਹੇਰੀ-ਤੂਫ਼ਾਨ ਦੇ ਕਾਰਨ ਮੌਤ ਹੋਈ ਹੈ, ਉਨ੍ਹਾਂ ਸਾਰਿਆਂ ਦੇ ਪਰਵਾਰਾਂ ਨੂੰ ਦੋ ਲੱਖ ਰੁਪਏ ਮੁਆਵਜ਼ਾ ਅਤੇ ਜੋ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਸਾਰਿਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿਤੀ ਜਾਵੇਗੀ।

ਹਾਲਾਂਕਿ, ਇਸ ਮੁੱਦੇ ਉਤੇ ਵਿਵਾਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਦੇ ਵਲੋਂ ਹੋਰ ਰਾਜਾਂ ਲਈ ਵੀ ਮੁਆਵਜ਼ੇ ਦਾ ਐਲਾਨ ਕੀਤਾ ਗਿਆ। ਸਵੇਰੇ ਕਰੀਬ 11 ਵਜੇ PMO ਵਲੋਂ ਟਵੀਟ ਆਇਆ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਸਮੇਤ ਕਈ ਰਾਜਾਂ ਵਿਚ ਹਨ੍ਹੇਰੀ-ਤੂਫ਼ਾਨ ਦੀ ਵਜ੍ਹਾ ਕਰਕੇ ਹੋਏ ਨੁਕਸਾਨ ਉਤੇ ਦੁੱਖ ਜ਼ਾਹਰ ਕਰਦਾ ਹਾਂ। ਇੱਥੇ ਵੀ ਮ੍ਰਿਤਕਾਂ ਦੇ ਪਰਵਾਰਾਂ ਨੂੰ 2 ਲੱਖ, ਜ਼ਖ਼ਮੀਆਂ ਨੂੰ 50 ਹਜ਼ਾਰ ਦੀ ਆਰਥਿਕ ਸਹਾਇਤਾ ਦਿਤੀ ਜਾਵੇਗੀ।

ਪ੍ਰਧਾਨ ਮੰਤਰੀ ਦੇ ਇਸ ਟਵੀਟ ਵਿਚ ਸਿਰਫ਼ ਗੁਜਰਾਤ ਦਾ ਜ਼ਿਕਰ ਹੋਣ ਕਰਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਭੜਕ ਗਏ। ਉਨ੍ਹਾਂ ਨੇ ਤੁਰਤ ਟਵੀਟ ਕਰਕੇ ਕਿਹਾ ਕਿ ਨਰਿੰਦਰ ਮੋਦੀ ਜੀ, ਤੁਸੀਂ ਸਿਰਫ਼ ਗੁਜਰਾਤ ਨਹੀਂ ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਕਮਲਨਾਥ ਨੇ ਲਿਖਿਆ ਕਿ ਐਮਪੀ ਵਿਚ ਵੀ ਬੇਮੌਸਮਾ ਮੀਂਹ ਅਤੇ ਤੂਫ਼ਾਨ ਦੇ ਕਾਰਨ ਆਸਮਾਨੀ ਬਿਜਲੀ ਡਿੱਗਣ ਨਾਲ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਪਰ ਤੁਹਾਡੀਆਂ ਸੰਵੇਦਨਾਵਾਂ ਸਿਰਫ਼ ਗੁਜਰਾਤ ਤੱਕ ਸੀਮਤ ਹਨ। ਭਾਵੇਂ ਇੱਥੇ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਲੋਕ ਇੱਥੇ ਵੀ ਵੱਸਦੇ ਹਨ।

ਕਮਲਨਾਥ ਨੂੰ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਵਾਬ ਦਿਤਾ ਹੈ, ਉਨ੍ਹਾਂ ਨੇ ਕਿਹਾ ਕਿ ਤੁਸੀ ਵੀ ਪੂਰੇ ਪ੍ਰਦੇਸ਼ ਦੇ ਮੁੱਖ ਮੰਤਰੀ ਹੋ ਨਾ ਕਿ ਛਿੰਦਵਾੜਾ  ਦੇ। ਸਿਰਫ਼ ਟਵੀਟ ਕਰਨ ਨਾਲ ਕਰਤੱਵ ਪੂਰਾ ਨਹੀਂ ਹੋਵੇਗਾ। ਰਾਜਸਥਾਨ ਵਿਚ ਵੀ ਇਸ ਕੁਦਰਤੀ ਕਹਿਰ ਦਾ ਅਸਰ ਵਿਖ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਅਪਣੇ ਸਾਰੇ ਰਾਜਨੀਤਕ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ ਹੈ ਅਤੇ ਅਫ਼ਸਰਾਂ ਦੇ ਨਾਲ ਬੈਠਕ ਬੁਲਾਈ। ਅਧਿਕਾਰੀਆਂ ਨੂੰ ਮੌਕੇ ਉਤੇ ਭੇਜਿਆ ਜਾ ਰਿਹਾ ਹੈ।

ਕਮਲਨਾਥ ਤੋਂ ਬਾਅਦ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਪ੍ਰਧਾਨ ਮੰਤਰੀ ਉਤੇ ਨਿਸ਼ਾਨਾ ਸਾਧਿਆ ਹੈ। ਗਹਲੋਤ ਨੇ ਕਿਹਾ ਕਿ ਕੁਦਰਤੀ ਆਫ਼ਤ ਨਾਲ ਬਹੁਤ ਨੁਕਸਾਨ ਹੋਇਆ ਹੈ। ਅਫ਼ਸਰਾਂ ਨੂੰ ਨਿਰਦੇਸ਼ ਦਿਤੇ ਹਨ ਤਾਂਕਿ ਜਲਦ ਤੋਂ ਜਲਦ ਮੁਆਵਜ਼ਾ ਦਿਤਾ ਜਾ ਸਕੇ।