ਪੜ੍ਹਾਈ ਤੇ ਕੜਾਹੀ ਵਿਚਾਲੇ ਦੀ ਲੜਾਈ ਹਨ ਇਹ ਚੋਣਾਂ : ਕਨ੍ਹਈਆ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਜੇ ਮੈਂ ਕੁਝ ਗ਼ਲਤ ਕੀਤਾ ਹੈ ਤਾਂ ਸਰਕਾਰ ਕਾਰਵਾਈ ਕਰੇ। ਜੇ ਮੈਂ ਦੇਸ਼ਧ੍ਰੋਹੀ ਹਾਂ ਤਾਂ ਚੋਣਾਂ ਕਿਵੇਂ ਲੜ ਰਿਹਾ ਹਾਂ?

Kanhaiya Kumar

ਬੇਗੂਸਰਾਏ : ਮੌਜੂਦਾ ਲੋਕ ਸਭਾ ਚੋਣਾਂ 'ਚ ਬਿਹਾਰ ਦੀ ਬੇਗੂਸਰਾਏ ਸੀਟ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਸਖਤ ਟੱਕਰ ਰਹੇ ਜੇ.ਐੱਨ.ਯੂ. ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਕਪਾ ਉਮੀਦਵਾਰ ਕਨ੍ਹਈਆ ਕੁਮਾਰ ਨੇ ਇਸ ਮੁਕਾਬਲੇ ਨੂੰ ਪੜ੍ਹਾਈ ਅਤੇ ਕੜਾਹੀ ਵਿਚਾਲੇ ਦੀ ਲੜਾਈ ਕਰਾਰ ਦਿਤਾ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਪੜ੍ਹ-ਲਿਖ ਕੇ ਅਪਣਾ ਅਤੇ ਦੇਸ਼ ਦਾ ਭਵਿੱਖ ਬਣਾਉਣ ਦੇ ਇਛੁੱਕ ਨੌਜੁਆਨ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ, ਜੋ ਇਨ੍ਹਾਂ ਪੜ੍ਹੇ-ਲਿਖੇ ਨੌਜੁਆਨਾਂ ਤੋਂ ਪਕੌੜੇ ਤਲਵਾਉਣਾ ਚਾਹੁੰਦੇ ਹਨ।

ਕਨ੍ਹਈਆ ਨੇ ਹਾਲ ਹੀ ਵਿਚ ਐੱਨ.ਸੀ.ਈ.ਆਰ.ਟੀ. ਦੀ 9ਵੀਂ ਦੀ ਕਿਤਾਬ ਵਿਚੋਂ ਲੋਕਤੰਤਰ ਦਾ ਪਾਠ ਹਟਾਏ ਜਾਣ ਦੇ ਸੰਦਰਭ 'ਚ ਕਿਹਾ,''ਜੇਕਰ ਅਸੀਂ ਚੁੱਪ ਰਹੇ ਤਾਂ ਕੱਲ ਪੂਰੇ ਦੇਸ਼ ਤੋਂ ਹੀ ਲੋਕਤੰਤਰ ਨੂੰ ਹਟਾ ਦਿਤਾ ਜਾਵੇਗਾ।''  ਚੋਣਾਂ  ਵਿਚ ਜੇ.ਐੱਨ.ਯੂ. ਮਾਮਲੇ ਅਤੇ ਦੇਸ਼ਧ੍ਰੋਹ ਦਾ ਮੁੱਖ ਮੁੱਦਾ ਬਣਾਏ ਜਾਣ 'ਤੇ ਕਨ੍ਹਈਆ ਕੁਮਾਰ ਦਾ ਕਹਿਣਾ ਹੈ,''ਜੇਕਰ ਮੈਂ ਦੇਸ਼ਧ੍ਰੋਹੀ ਹਾਂ, ਅਪਰਾਧੀ ਹਾਂ, ਦੋਸ਼ੀ ਹਾਂ ਤਾਂ ਸਰਕਾਰ ਮੈਨੂੰ ਜੇਲ ਵਿਚ ਕਿਉਂ ਨਹੀਂ ਪਾ ਦਿੰਦੀ? ਜੇਕਰ ਮੈਂ ਕੁਝ ਗ਼ਲਤ ਕੀਤਾ ਹੈ ਤਾਂ ਸਰਕਾਰ ਕਾਰਵਾਈ ਕਰੇ। ਜੇਕਰ ਮੈਂ ਦੇਸ਼ਧ੍ਰੋਹੀ ਹਾਂ ਤਾਂ ਚੋਣਾਂ ਕਿਵੇਂ ਲੜ ਰਿਹਾ ਹਾਂ?''

ਕਨ੍ਹਈਆ ਨੇ ਕਿਹਾ, ''ਮੇਰਾ ਚੋਣਾਂ ਲੜਨਾ ਹੀ ਇਸ ਗੱਲ ਦਾ ਸਬੂਤ ਹੈ ਕਿ ਦੇਸ਼ਧ੍ਰੋਹ ਦੇ ਦੋਸ਼ ਬੇਬੁਨਿਆਦ ਹਨ। ਜਨਤਾ ਸਭ ਜਾਣਦੀ ਹੈ। ਲੋਕ ਅਸਲ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦੇ ਹਨ ਪਰ ਭਾਜਪਾ ਮਨਘੜ੍ਹਤ ਮੁੱਦਿਆਂ ਨਾਲ ਲੋਕਾਂ ਨੂੰ ਵੰਡ ਰਹੀ ਹੈ, ਕਿਉਂਕਿ ਉਸ ਕੋਲ ਜਨਤਾ ਨਾਲ ਜੁੜਿਆ ਕੋਈ ਮੁੱਦਾ ਨਹੀਂ ਹੈ। ਪਿਛਲੇ 5 ਸਾਲਾਂ ਵਿਚ ਕੇਂਦਰ ਸਰਕਾਰ ਨੇ ਕੁਝ ਵੀ ਠੋਸ ਨਹੀਂ ਕੀਤਾ, ਇਸ ਲਈ ਉਹ ਵਹਿਮ ਫੈਲਾ ਰਹੀ ਹੈ।'' ਉਨ੍ਹਾਂ ਕਿਹਾ ਕਿ ਸਾਜ਼ਸ਼ ਕਰਨ ਵਾਲਿਆਂ ਨੂੰ ਦੇਸ਼ ਦੀ ਚਿੰਤਾ ਨਹੀਂ ਹੈ ਸਗੋਂ ਉਹ ਚਾਹੁੰਦੇ ਹਨ ਕਿ ਦੇਸ਼ ਵਿਚ ਨਾ ਕੋਈ ਬੋਲੇ, ਨਾ ਸਵਾਲ ਕਰੇ। 

ਕੁਮਾਰ ਨੇ ਕਿਹਾ,''ਮੈਂ ਖ਼ੁਦ ਨੂੰ ਮਿਲ ਰਹੇ ਜਨ ਸਮਰਥਨ ਤੋਂ ਉਤਸ਼ਾਹਤ ਹਾਂ ਅਤੇ ਮੈਨੂੰ ਅਪਣੀ ਸਫ਼ਲਤਾ ਦਾ ਪੂਰਾ ਭਰੋਸਾ ਵੀ ਹੈ। ਸਿਆਸੀ ਲੜਾਈ ਵਿਚ ਸੱਚਾਈ ਅਤੇ ਈਮਾਨਦਾਰੀ ਹੋਵੇ ਤਾਂ ਜਨਤਾ ਦਾ ਸਹਿਯੋਗ ਖੁਦ ਮਿਲਦਾ ਹੈ।'' ਚੁਨਾਂਵੀ ਚੰਦੇ ਬਾਰੇ ਪੁੱਛਣ 'ਤੇ ਕਨ੍ਹਈਆ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਜਨਤਾ ਦੀ ਲੜਾਈ ਜਨਤਾ ਦੇ ਪੈਸੇ ਨਾਲ ਹੋਵੇ। ਮੇਰੀ ਪੂਰੀ ਮੁਹਿੰਮ ਜਨਤਾ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਉਂਝ ਵੀ, ਇਹ ਲੜਾਈ ਤਾਂ ਪੜ੍ਹਾਈ ਅਤੇ ਕੜਾਹੀ ਦਰਮਿਆਨ ਹੈ- ਇਕ ਪਾਸੇ ਪੜ੍ਹ-ਲਿਖ ਕੇ ਅਪਣਾ ਅਤੇ ਦੇਸ਼ ਦਾ ਭਵਿੱਖ ਬਣਾਉਣ ਦੇ ਇਛੁੱਕ ਨੌਜੁਆਨ ਹਨ ਤਾਂ ਦੂਜੇ ਪਾਸੇ ਉਹ ਲੋਕ ਹਨ, ਜੋ ਇਨ੍ਹਾਂ ਪੜ੍ਹੇ-ਲਿਖੇ ਨੌਜੁਅਠਾਨਾਂ ਤੋਂ ਪਕੌੜੇ ਤਲਵਾਉਣਾ ਚਾਹੁੰਦੇ ਹਨ।''